- Updated: September 07, 2024 11:07 AM
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਪੁਲਸ ਦੀ ਮਹਿਲਾ ਇੰਸਪੈਕਟਰ ਵੱਲੋਂ 100 ਕਰੋੜ ਰੁਪਏ ਦੀ ਸਾਈਬਰ ਧੋਖਾਧੜੀ ਦੇ ਮਾਮਲੇ ਦੀ ਪੰਜਾਬ ਪੁਲਸ ਮੁਖੀ ਨੂੰ ਕੀਤੀ ਸ਼ਿਕਾਇਤ ਦੀ ਸੀ.ਬੀ.ਆਈ. ਜਾਂਚ ਦੇ ਹੁਕਮ ਦੇਣ ਜਿਸ ਵਿਚ ਮੰਤਰੀ ਹਰਜੋਤ ਸਿੰਘ ਬੈਂਸ ਮੁਲਜ਼ਮ ਵਜੋਂ ਸ਼ਾਮਲ ਹਨ।
ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਸ ਮਾਮਲੇ ਦਾ ਖੁਲਾਸਾ ਇਕ ਇੰਸਪੈਕਟਰ ਨੇ ਕੀਤਾ ਹੈ ਜਿਨ੍ਹਾਂ ਨੇ ਮੰਤਰੀ ਹਰਜੋਤ ਬੈਂਸ ਤੇ ਉਨ੍ਹਾਂ ਦੀ ਪਤਨੀ ਜੋਤੀ ਯਾਦਵ ’ਤੇ ਮੋਹਾਲੀ ’ਚ ਇਕ ਬੇਸਮੈਂਟ ਤੋਂ ਚਲਾਏ ਜਾ ਰਹੇ ਕਾਲ ਸੈਂਟਰ ਦੇ ਮਾਮਲੇ ਦੀ ਜਾਂਚ ’ਚ ਰੁਕਾਵਟ ਪਾਉਣ ਤੇ ਮੁਲਜ਼ਮਾਂ ਨੂੰ ਬਚਾਉਣ ਦੇ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਮੰਤਰੀ ਨੇ ਸਾਰੇ ਮਾਮਲੇ ਦੀ ਜਾਂਚ ਦਾ ਸਵਾਗਤ ਕਰਨ ਦਾ ਐਲਾਨ ਕੀਤਾ ਹੈ ਤਾਂ ਮੁੱਖ ਮੰਤਰੀ ਹੁਣ ਮੰਤਰੀ ਦੇ ਐਲਾਨ ਦਾ ਮਾਣ ਰੱਖਦਿਆਂ ਆਪਣੇ ਮੰਤਰੀ ਦੇ ਕਹੇ ਮੁਤਾਬਕ ਸਾਰੇ ਮਾਮਲੇ ਦੀ ਸੀ.ਬੀ.ਆਈ. ਜਾਂਚ ਦੇ ਹੁਕਮ ਦੇਣ।
ਮਜੀਠੀਆ ਨੇ ਕਿਹਾ ਕਿ ਸੀ.ਬੀ.ਆਈ. ਜਾਂ ਹਾਈ ਕੋਰਟ ਦੀ ਨਿਗਰਾਨੀ ਹੇਠ ਜਾਂਚ ਹੀ ਮਾਮਲੇ ’ਚ ਜ਼ਰੂਰੀ ਹੈ ਕਿਉਂਕਿ ਪੰਜਾਬ ਪੁਲਸ ਤੋਂ ਕੇਸ ’ਚ ਨਿਆਂ ਦੀ ਆਸ ਨਹੀਂ ਕੀਤੀ ਜਾ ਸਕਦੀ। ਪੰਜਾਬ ਪੁਲਸ ਨੇ ਅੱਠ ਮਹੀਨੇ ਪਹਿਲਾਂ ਮਹਿਲਾ ਪੁਲਸ ਇੰਸਪੈਕਟਰ ਵੱਲੋਂ ਮਾਮਲਾ ਉਸ ਦੇ ਧਿਆਨ ’ਚ ਲਿਆਉਣ ਦੇ ਬਾਵਜੂਦ ਮਾਮਲੇ ਦੀ ਸਹੀ ਜਾਂਚ ਨਹੀਂ ਕੀਤੀ।
ਮਜੀਠੀਆ ਨੇ ਕਿਹਾ ਕਿ ਪੰਜਾਬ ’ਚ ਵਿੱਤੀ ਐਮਰਜੰਸੀ ਲੱਗੀ ਹੈ ਤੇ ਕਾਨੂੰਨ ਵਿਵਸਥਾ ਦੇ ਵੀ ਹਾਲਾਤ ਚੰਗੇ ਨਹੀਂ ਹਨ। ਪਿਛਲੇ ਢਾਈ ਸਾਲਾਂ ’ਚ ਸੂਬੇ ਸਿਰ ਕਰਜ਼ਾ ਇਕ ਲੱਖ ਕਰੋੜ ਰੁਪਏ ਵੱਧ ਗਿਆ ਹੈ ਤੇ ‘ਆਪ’ ਸਰਕਾਰ ਨੂੰ ਹੁਣ ਮੁਲਾਜ਼ਮਾਂ ਦੀਆਂ ਤਨਖਾਹਾਂ ਦੇਣੀਆਂ ਵੀ ਔਖੀਆਂ ਲੱਗ ਰਹੀਆਂ ਹਨ।