ਪੰਜਾਬ: ਸਟੀਲ ਰੋਲਿੰਗ ਮਿੱਲ ’ਚ ਭਿਆਨਕ ਧਮਾਕਾ, 6 ਮਜ਼ਦੂਰਾਂ ’ਤੇ ਡਿੱਗਿਆ ਉਬਲਦਾ ਲੋਹਾ; ਹਾਲਤ ਗੰਭੀਰ

ਪੰਜਾਬ: ਸਟੀਲ ਰੋਲਿੰਗ ਮਿੱਲ ’ਚ ਭਿਆਨਕ ਧਮਾਕਾ, 6 ਮਜ਼ਦੂਰਾਂ ’ਤੇ ਡਿੱਗਿਆ ਉਬਲਦਾ ਲੋਹਾ; ਹਾਲਤ ਗੰਭੀਰ

ਭਾਦਲਾ ਰੋਡ 'ਤੇ ਸਥਿਤ ਪਿੰਡ ਅਲੌੜ 'ਚ ਇਕ ਸਟੀਲ ਰੋਲਿੰਗ ਮਿੱਲ ਵਿਚ ਵੱਡਾ ਹਾਦਸਾ ਵਾਪਰ ਗਿਆ। ਜਾਣਕਾਰੀ ਮੁਤਾਬਕ ਲੋਹਾ ਪਿਘਲਾਉਣ ਦੌਰਾਨ ਭੱਠੀ 'ਚ ਅਚਾਨਕ ਉਬਾਲ ਆ ਗਿਆ, ਜਿਸ ਕਾਰਨ ਇਸ ਹਾਦਸੇ 'ਚ 6 ਮਜ਼ਦੂਰ ਗੰਭੀਰ ਰੂਪ 'ਚ ਝੁਲਸ ਗਏ। ਸਾਰੇ ਜ਼ਖਮੀ ਮਜ਼ਦੂਰਾਂ ਨੂੰ ਤੁਰੰਤ ਇਲਾਜ ਲਈ ਖੰਨਾ ਦੇ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

ਇਸ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਫੈਕਟਰੀ ਦੀ ਭੱਠੀ ਵਿਚ ਲੋਹਾ ਪਿਘਲਾ ਕੇ ਇੰਗਟ ਤੇ ਬਿਲੇਟ ਤਿਆਰ ਕੀਤੇ ਜਾ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਪਿਘਲੇ ਹੋਏ ਪਦਾਰਥ ਵਿਚ ਕੋਈ ਛੋਟਾ ਟੁਕੜਾ ਰਹਿ ਜਾਣ ਕਾਰਨ ਭੱਠੀ ਅਚਾਨਕ ਉਬਲ ਗਈ ਅਤੇ ਗਰਮ ਪਦਾਰਥ ਉੱਥੇ ਕੰਮ ਕਰ ਰਹੇ ਮਜ਼ਦੂਰਾਂ ’ਤੇ ਡਿੱਗ ਗਿਆ।

ਮੌਕੇ 'ਤੇ ਪਹੁੰਚੀ ਥਾਣਾ ਸਦਰ ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਸਦਰ ਦੇ ਇੰਸਪੈਕਟਰ ਪਵਿੱਤਰ ਸਿੰਘ ਨੇ ਦੱਸਿਆ ਕਿ ਹਾਦਸੇ 'ਚ ਕੁੱਲ 6 ਮਜ਼ਦੂਰ ਜ਼ਖਮੀ ਹੋਏ ਹਨ, ਜਿਨ੍ਹਾਂ 'ਚੋਂ 3 ਮਜ਼ਦੂਰਾਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਮੁੱਢਲੀ ਸਹਾਇਤਾ ਤੋਂ ਬਾਅਦ ਡੀ.ਐੱਮ.ਸੀ. ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ ਹੈ, ਜਦਕਿ ਬਾਕੀਆਂ ਦਾ ਇਲਾਜ ਖੰਨਾ ਵਿਖੇ ਚੱਲ ਰਿਹਾ ਹੈ। ਪੁਲਿਸ ਅਨੁਸਾਰ ਜ਼ਖਮੀਆਂ ਦੇ ਬਿਆਨਾਂ ਦੇ ਆਧਾਰ 'ਤੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।