- Updated: August 20, 2026 06:19 PM
ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਦੀਨਾਨਗਰ ਦੀ ਪੁਲਸ ਵੱਲੋਂ ਨਸ਼ਾ ਤਸਕਰੀ ਅਤੇ ਗੈਰ-ਕਾਨੂੰਨੀ ਹਥਿਆਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਵੱਡੀ ਕਾਰਵਾਈ ਕਰਦਿਆਂ ਡਕੈਤੀ ਦੀ ਯੋਜਨਾ ਨੂੰ ਨਕਾਮ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ ਅਤੇ 6 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਪੁਲਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 02 ਪਿਸਟਲ .30 ਬੋਰ ਸਮੇਤ ਮੈਗਜ਼ੀਨ ਅਤੇ 9 ਜਿੰਦਾ ਰੌਂਦ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਪੁਲਿਸ ਵੱਲੋਂ ਇੱਕ ਕਿਰਪਾਨ ਅਤੇ 3 ਦਾਤਰ ਵੀ ਬਰਾਮਦ ਕਰਨ ਦੀ ਜਾਣਕਾਰੀ ਦਿੱਤੀ ਗਈ ਹੈ।
ਪੁਲਸ ਅਨੁਸਾਰ ਇਹ ਕਾਰਵਾਈ ਮਾਣਯੋਗ ਡੀਆਈਜੀ ਬਾਰਡਰ ਰੇਂਜ ਅੰਮ੍ਰਿਤਸਰ ਵੱਲੋਂ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਅਤੇ ਐੱਸਐੱਸਪੀ ਗੁਰਦਾਸਪੁਰ ਅਦਿੱਤਿਆ ਦੀ ਅਗਵਾਈ ਹੇਠ ਕੀਤੀ ਗਈ। ਇਸ ਸਬੰਧੀ ਪ੍ਰੈਸ ਕਾਨਫਰੰਸ ਦੌਰਾਨ ਐਸ.ਪੀ. ਡੀ ਮਨੋਜ ਕੁਮਾਰ ਨੇ ਦੱਸਿਆ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦਾਣਾ ਮੰਡੀ ਪਨਿਆੜ ਵਿੱਚ ਬਣੀ ਸੀਮੈਟ ਦੀ ਸ਼ੈਡ ਨਜ਼ਦੀਕ ਇੱਕ ਕਾਰ ਨੰਬਰ HP 54 B 3888 'ਚ ਸਵਾਰ ਵਿਅਕਤੀ ਵੱਲੋਂ ਡਕੈਤੀ ਦੀ ਯੋਜਨਾ ਬਣਾਈ ਜਾ ਰਹੀ ਸੀ, ਜਿਸਨੂੰ ਗੁਪਤ ਸੂਚਨਾ ਦੇ ਆਧਾਰ ’ਤੇ ਪੁਲਸ ਪਾਰਟੀ ਨੇ ਕਾਰਵਾਈ ਕਰਦਿਆਂ ਕਾਰ ਵਿਚ ਸਵਾਰ 6 ਵਿਅਕਤੀਆਂ ਨੂੰ ਕਾਬੂ ਕਰ ਲਿਆ।
ਪੁਲਸ ਵੱਲੋਂ ਕਾਬੂ ਕੀਤੇ ਵਿਅਕਤੀਆਂ ਦੀ ਪਛਾਣ ਦੀਪਕ ਮਲਹੋਤਰਾ ਉਰਫ਼ ਵਾਸੀ ਢਾਕੀ ਰੋਡ ਪਠਾਨਕੋਟ,ਸ਼ੇਰਪ੍ਰੀਤ ਸਿੰਘ ਉਰਫ਼ ਗੁਲਾਬਾ, ਵਾਸੀ ਦਸਮੇਸ਼ ਨਗਰ ਅੰਮ੍ਰਿਤਸਰ, ਪੰਕਜ ਸ਼ਰਮਾ ਉਰਫ਼ ਕਾਕਾ, ਵਾਸੀ ਦੀਨਾਨਗਰ, ਰਾਹੁਲ ਕੁਮਾਰ ਉਰਫ਼ ਰੋਟਾ, ਵਾਸੀ ਹੈ ਹੈਬਤਪਿੰਡੀ ਪਠਾਨਕੋਟ, ਸਾਹਿਲ ਸੈਣੀ ਗੱਜੂ ਜਗੀਰ ਤਾਰਾਗੜ ਅਤੇ ਮੰਨੀ ਉਰਫ ਰਾਜਾ ਵਾਸੀ ਨਵਾਂ ਪਿੰਡ ਬਹਾਦਰ ਵਜੋਂ ਦੱਸੀ ਗਈ ਹੈ। ਪੁਲਸ ਜਾਂਚ ਮੁਤਾਬਕ ਇਨ੍ਹਾਂ ਵਿੱਚੋਂ ਕੁਝ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ NDPS ਐਕਟ ਅਤੇ ਹੋਰ ਧਾਰਾਵਾਂ ਤਹਿਤ ਮਾਮਲੇ ਦਰਜ ਹਨ।
ਪੁਲਸ ਨੇ ਬਰਾਮਦ ਹਥਿਆਰਾਂ ਅਤੇ ਹੋਰ ਸਾਮਾਨ ਨੂੰ ਕਬਜ਼ੇ ਵਿੱਚ ਲੈ ਕੇ ਮਾਮਲਾ ਦਰਜ ਕਰ ਲਿਆ ਹੈ। ਦੋਸ਼ੀਆਂ ਖ਼ਿਲਾਫ਼ ਮੁਕੱਦਮਾ ਨੰਬਰ 243 ਮਿਤੀ 20.08.2026 ਤਹਿਤ BNS ਦੀਆਂ ਧਾਰਾਵਾਂ 310(4), 310(5) ਅਤੇ 25-54-59 ਸਮੇਤ NDPS ਐਕਟ ਦੀਆਂ ਧਾਰਾਵਾਂ ਅਧੀਨ ਕਾਰਵਾਈ ਕੀਤੀ ਗਈ ਹੈ। ਪੁਲਿਸ ਵੱਲੋਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਅਗਲੇਰੀ ਪੁੱਛਗਿੱਛ ਕੀਤੀ ਜਾ ਰਹੀ ਹੈ।