- Updated: June 25, 2026 04:00 PM
ਕੈਨੇਡਾ ਵਿੱਚ ਚੱਲ ਰਹੇ ਫੀਫਾ ਵਿਸ਼ਵ ਕੱਪ ਦੇ ਮੈਚ ਦੇਖਣ ਦੇ ਬਹਾਨੇ ਉੱਥੇ ਜਾਣ ਦੀ ਇੱਛਾ ਰੱਖਣ ਵਾਲੇ ਭਾਰਤੀਆਂ ਖਾਸ ਕਰ ਕੇ ਪੰਜਾਬੀ ਲੋਕਾਂ ਲਈ ਨਿਰਾਸ਼ਾਜਨਕ ਖ਼ਬਰ ਹੈ। ਕੈਨੇਡੀਅਨ ਇਮੀਗ੍ਰੇਸ਼ਨ ਵਿਭਾਗ (IRCC) ਦੇ ਅੰਕੜਿਆਂ ਅਨੁਸਾਰ ਵਿਸ਼ਵ ਕੱਪ ਦੇ ਨਾਂ 'ਤੇ ਵੀਜ਼ਾ ਅਪਲਾਈ ਕਰਨ ਵਾਲੇ 70 ਫੀਸਦੀ ਤੋਂ ਵੱਧ ਭਾਰਤੀਆਂ ਦੀਆਂ ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ ਹਨ।
ਰਿਪੋਰਟਾਂ ਅਨੁਸਾਰ ਕੈਨੇਡਾ ਸਰਕਾਰ ਨੇ ਫੁੱਟਬਾਲ ਟੂਰਨਾਮੈਂਟ ਲਈ ਲਗਭਗ 17,000 ਸੈਲਾਨੀ ਵੀਜ਼ਾ ਅਰਜ਼ੀਆਂ ਦੀ ਪ੍ਰਕਿਰਿਆ ਕੀਤੀ, ਜਿਨ੍ਹਾਂ ਵਿੱਚੋਂ ਸਿਰਫ਼ 41 ਫੀਸਦੀ ਨੂੰ ਹੀ ਮਨਜ਼ੂਰੀ ਮਿਲੀ। ਅਰਜ਼ੀਆਂ ਦੇ ਮਾਮਲੇ ਵਿੱਚ ਭਾਰਤੀ ਚੌਥੇ ਨੰਬਰ 'ਤੇ ਸਨ। ਕੁੱਲ 1,225 ਭਾਰਤੀਆਂ ਨੇ ਅਪਲਾਈ ਕੀਤਾ ਸੀ, ਪਰ ਇਨ੍ਹਾਂ ਵਿੱਚੋਂ ਸਿਰਫ਼ 355 (ਕਰੀਬ 29%) ਦੇ ਹੀ ਵੀਜ਼ੇ ਲੱਗੇ ਹਨ।
ਵੀਜ਼ਾ ਰੱਦ ਹੋਣ ਦੀ ਦਰ ਸਿਰਫ਼ ਭਾਰਤ ਲਈ ਹੀ ਨਹੀਂ, ਸਗੋਂ ਹੋਰਨਾਂ ਦੇਸ਼ਾਂ ਲਈ ਵੀ ਕਾਫੀ ਉੱਚੀ ਰਹੀ ਹੈ। ਪਾਕਿਸਤਾਨ ਤੋਂ ਆਈਆਂ 1,250 ਅਰਜ਼ੀਆਂ ਵਿੱਚੋਂ 9 ਫੀਸਦੀ ਤੋਂ ਵੀ ਘੱਟ (ਸਿਰਫ਼ 102) ਮਨਜ਼ੂਰ ਹੋਈਆ। ਘਾਨਾ ਦੇ ਹਾਲਾਤ ਸਭ ਤੋਂ ਖ਼ਰਾਬ ਰਹੇ, ਜਿੱਥੇ 1,725 ਅਰਜ਼ੀਆਂ ਵਿੱਚੋਂ 11 ਫੀਸਦੀ ਤੋਂ ਵੀ ਘੱਟ ਨੂੰ ਹਰੀ ਝੰਡੀ ਮਿਲੀ। ਦੂਜੇ ਪਾਸੇ, ਕੋਲੰਬੀਆ ਦੇ ਲੋਕਾਂ 'ਤੇ ਕੈਨੇਡਾ ਕਾਫੀ ਮਿਹਰਬਾਨ ਰਿਹਾ ਅਤੇ ਉੱਥੋਂ ਦੀਆਂ 70 ਫੀਸਦੀ ਅਰਜ਼ੀਆਂ ਨੂੰ ਮਨਜ਼ੂਰੀ ਦਿੱਤੀ ਗਈ।
'ਫੀਫਾ ਵੀਜ਼ਾ' ਦੇ ਨਾਂ 'ਤੇ ਹੋ ਰਹੀ ਠੱਗੀ ਤੋਂ ਬਚਣ ਦੀ ਸਲਾਹ
ਕੈਨੇਡਾ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਫੀਫਾ ਵਿਸ਼ਵ ਕੱਪ ਲਈ ਕੋਈ ਵਿਸ਼ੇਸ਼ 'ਫੀਫਾ ਵੀਜ਼ਾ' ਨਹੀਂ ਹੈ ਜੋ ਕਿਸੇ ਨੂੰ ਉੱਥੇ ਕੰਮ ਕਰਨ ਜਾਂ ਪੱਕੇ ਤੌਰ 'ਤੇ ਵਸਣ ਦੀ ਇਜਾਜ਼ਤ ਦਿੰਦਾ ਹੋਵੇ। ਸੋਸ਼ਲ ਮੀਡੀਆ 'ਤੇ ਅਜਿਹੀਆਂ ਕਈ ਵੀਡੀਓਜ਼ ਵਾਇਰਲ ਹੋ ਰਹੀਆਂ ਹਨ ਜੋ ਗਲਤ ਦਾਅਵਾ ਕਰਦੀਆਂ ਹਨ ਕਿ ਵਿਸ਼ਵ ਕੱਪ ਦਾ ਵੀਜ਼ਾ ਕੈਨੇਡਾ ਵਿੱਚ ਸੈਟਲ ਹੋਣ ਦਾ ਸੌਖਾ ਰਸਤਾ ਹੈ। ਇਮੀਗ੍ਰੇਸ਼ਨ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਲੋਕ ਕਿਸੇ ਤੀਜੀ ਧਿਰ ਜਾਂ ਏਜੰਟ ਰਾਹੀਂ ਅਪਲਾਈ ਕਰਨ ਦੀ ਬਜਾਏ ਅਧਿਕਾਰਤ ਵੈੱਬਸਾਈਟ ਦੀ ਵਰਤੋਂ ਕਰਨ। ਏਜੰਟਾਂ ਵੱਲੋਂ ਦਿੱਤੇ ਜਾ ਰਹੇ ਝੂਠੇ ਭਰੋਸਿਆਂ ਅਤੇ ਜਾਅਲੀ ਦਸਤਾਵੇਜ਼ਾਂ ਕਾਰਨ ਬਿਨੈਕਾਰਾਂ ਨੂੰ 5 ਸਾਲ ਤੱਕ ਦੀ ਪਾਬੰਦੀ (ਬੈਨ) ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਚਿੰਤਾਜਨਕ ਗੱਲ ਇਹ ਹੈ ਕਿ ਚੰਡੀਗੜ੍ਹ ਦੇ ਕੁਝ ਇਮੀਗ੍ਰੇਸ਼ਨ ਏਜੰਟ ਇੰਸਟਾਗ੍ਰਾਮ 'ਤੇ ਪੰਜਾਬੀ ਵਿੱਚ ਪੋਸਟਾਂ ਪਾ ਕੇ ਇਸ ਨੂੰ 'ਕੈਨੇਡਾ ਵਿੱਚ ਪੱਕੇ ਤੌਰ 'ਤੇ ਵਸਣ ਦਾ ਸੁਨਹਿਰੀ ਮੌਕਾ' ਦੱਸ ਰਹੇ ਹਨ। ਸਰਕਾਰ ਨੇ ਸਾਫ਼ ਕਿਹਾ ਹੈ ਕਿ ਵਿਸ਼ਵ ਕੱਪ ਦੇਖਣ ਆਉਣ ਵਾਲੇ ਲੋਕਾਂ ਨੂੰ ਆਪਣੀ ਨਿਰਧਾਰਿਤ ਮਿਆਦ ਖ਼ਤਮ ਹੋਣ 'ਤੇ ਦੇਸ਼ ਛੱਡਣਾ ਪਵੇਗਾ।