- Updated: June 18, 2024 01:20 PM
ਮੋਗਾ-ਧਰਮਕੋਟ ਪੁਲਿਸ ਨੇ NH-754-A ਪ੍ਰਾਜੈਕਟ ’ਚ ਕਰੋੜਾਂ ਰੁਪਏ ਦਾ ਘਪਲਾ ਸਾਹਮਣੇ ਆਉਣ ਮਗਰੋਂ ਡਿਪਟੀ ਕਮਿਸ਼ਨਰ ਦੀ ਸ਼ਿਕਾਇਤ ਦੇ ਆਧਾਰ ’ਤੇ ਮਾਲ ਪਟਵਾਰੀ ਅਤੇ ਪਰਵਾਸੀ ਔਰਤ ਖ਼ਿਲਾਫ਼ ਜਾਅਲਸਾਜ਼ੀ ਦੀਆ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਮਾਲ ਪਟਵਾਰੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਪਰਵਾਸੀ ਔਰਤ ਕਾਫ਼ੀ ਅਰਸੇ ਤੋਂ ਰੂਪੋਸ਼ ਚੱਲੀ ਆ ਰਹੀ ਹੈ।
ਇਸ ਸਬੰਧੀ ਥਾਣਾ ਧਰਮਕੋਟ ਮੁਖੀ ਨਵਦੀਪ ਸਿੰਘ ਭੱਟੀ ਨੇ ਮਾਲ ਪਟਵਾਰੀ ਨਵਦੀਪ ਸਿੰਘ ਨੂੰ ਗ੍ਰਿਫ਼ਤਾਰ ਕਰਨ ਅਤੇ ਪਰਵਾਸੀ ਔਰਤ ਦਿਲਖੁਸ਼ ਕੁਮਾਰੀ ਦੇ ਕਿਸੇ ਅਰਬ ਦੇਸ਼ ’ਚ ਰੂਪੋਸ਼ ਹੋਣ ਦੀ ਪੁਸ਼ਟੀ ਕੀਤੀ ਹੈ। ਐੱਫਆਈਆਰ ਮੁਤਾਬਕ ਮਾਲ ਪਟਵਾਰੀ ’ਤੇ ਦੋਸ਼ ਹਨ ਕਿ ਉਸ ਨੇ ਸਤਲੁਜ ਦਰਿਆ ਨੇੜਲੇ ਪਿੰਡ ਆਦਰਾਮਾਨ ’ਚ ਸਰਕਾਰੀ ਜ਼ਮੀਨ ਦੇ ਮਾਲ ਰਿਕਾਰਡ ’ਚ ਤਹਿਸੀਲਦਾਰ ਗੁਰਮੀਤ ਸਿੰਘ ਤੇ ਕਾਨੂੰਨਗੋ ਦੇ ਫ਼ਰਜ਼ੀ ਦਸਤਖ਼ਤ ਕਰਨ ਮਗਰੋਂ ਫ਼ਰਜ਼ੀ ਤਬਦੀਲ ਮਲਕੀਅਤ ਇੰਤਕਾਲ ਨੰਬਰ-326 ਦਰਜ ਕਰ ਕੇ ਪਰਵਾਸੀ ਔਰਤ ਦਿਲਖੁਸ਼ ਕੁਮਾਰੀ ਨੂੰ ਮਾਲਕ ਬਣਾ ਕੇ ਦੋ ਕਿਸ਼ਤਾਂ ’ਚ 1.65 ਕਰੋੜ ਰੁਪਏ ਮੁਆਵਜ਼ਾ ਰਾਸ਼ੀ ਮੁਲਜ਼ਮ ਮਹਿਲਾ ਦੇ ਖਾਤੇ ’ਚ ਪਵਾ ਦਿੱਤੀ ਸੀ। ਇਹ ਮਾਮਲਾ ਸਾਹਮਣੇ ਆਉਣ ਮਗਰੋਂ ਕਰੀਬ ਦੋ ਸਾਲ ਵਿਜੀਲੈਂਸ ਬਿਊਰੋ ਨੇ ਜਾਂਚ ਕੀਤੀ। ਹੁਣ ਡਿਪਟੀ ਕਮਿਸ਼ਨਰ ਨੇ ਵਿਜੀਲੈਂਸ ਜਾਂਚ ਦੇ ਹਵਾਲੇ ਨਾਲ ਮੁਲਜ਼ਮਾਂ ਖ਼ਿਲਾਫ਼ ਐੱਫਆਈਆਰ ਦਰਜ ਕਰਨ ਦਾ ਹੁਕਮ ਦਿੱਤਾ ਸੀ।
ਮਾਮਲੇ ਦੀ ਜਾਂਚ ਦੌਰਾਨ ਮੁਲਜ਼ਮ ਪਟਵਾਰੀ ਖ਼ਿਲਾਫ਼ ਕਰੋੜਾਂ ਰੁਪਏ ਦਾ ਇੱਕ ਹੋਰ ਘਪਲਾ ਸਾਹਮਣੇ ਆਇਆ ਸੀ। ਮਾਲ ਪਟਵਾਰੀ ਨੇ ਆਪਣੀ ਮਾਂ ਨੂੰ ਹੋਰ ਕਿਸਾਨਾਂ ਦੀ ਜ਼ਮੀਨ ’ਚ ਮਾਲਕ ਬਣਾ ਕੇ ਇੱਕ ਕਰੋੜ ਰੁਪਏ ਦਾ ਮੁਆਵਜ਼ਾ ਜਾਰੀ ਕਰਵਾ ਲਿਆ ਸੀ। ਇਹ ਮਾਮਲਾ ਸਾਹਮਣੇ ਆਉਣ ’ਤੇ ਕੀਤੀ ਗਈ ਜਾਂਚ ਮਗਰੋਂ ਮਾਲ ਪਟਵਾਰੀ ਨਵਦੀਪ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ ਤੇ ਮੁਆਵਜ਼ੇ ਦੀ ਰਕਮ ਦੁਬਾਰਾ ਸਰਕਾਰੀ ਖ਼ਜ਼ਾਨੇ ਵਿੱਚ ਜਮ੍ਹਾਂ ਕਰਵਾ ਦਿੱਤੀ ਗਈ ਸੀ।