- Updated: January 24, 2024 06:35 PM
ਪਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨੇ ਬੁਧਵਾਰ ਨੂੰ ਐਲਾਨ ਕੀਤਾ ਕਿ ਉਨ੍ਹਾਂ ਦੀ ਪਾਰਟੀ ਨੇ ਸੂਬੇ ’ਚ ਆਗਾਮੀ ਲੋਕ ਸਭਾ ਚੋਣਾਂ ਇਕੱਲੇ ਲੜਨ ਦਾ ਫ਼ੈਸਲਾ ਕੀਤਾ ਹੈ। ਮਮਤਾ ਬੈਨਰਜੀ ਨੇ ਕਿਹਾ, ‘‘ਮੈਂ ਉਨ੍ਹਾਂ (ਕਾਂਗਰਸ) ਨੂੰ ਸੀਟਾਂ ਦੀ ਵੰਡ ਦਾ ਪ੍ਰਸਤਾਵ ਦਿਤਾ ਸੀ ਪਰ ਉਨ੍ਹਾਂ ਨੇ ਸ਼ੁਰੂ ’ਚ ਹੀ ਇਸ ਨੂੰ ਰੱਦ ਕਰ ਦਿਤਾ। ਸਾਡੀ ਪਾਰਟੀ ਨੇ ਹੁਣ ਬੰਗਾਲ ਵਿਚ ਇਕੱਲੇ ਚੋਣ ਲੜਨ ਦਾ ਫੈਸਲਾ ਕੀਤਾ ਹੈ।’’ ਮੁੱਖ ਮੰਤਰੀ ਨੇ ਸੀਟਾਂ ਦੀ ਵੰਡ ਬਾਰੇ ਮੀਡੀਆ ਰੀਪੋਰਟਾਂ ਦਾ ਵੀ ਖੰਡਨ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੇ ਇਸ ਮੁੱਦੇ ’ਤੇ ਕਾਂਗਰਸ ਦੇ ਕਿਸੇ ਵੀ ਮੈਂਬਰ ਨਾਲ ਗੱਲ ਨਹੀਂ ਕੀਤੀ ਹੈ।
ਉਨ੍ਹਾਂ ਕਿਹਾ, ‘‘ਹੁਣ ਅਸੀਂ ਫੈਸਲਾ ਕੀਤਾ ਹੈ ਕਿ ਬੰਗਾਲ ’ਚ ਕਾਂਗਰਸ ਨਾਲ ਕੋਈ ਸਬੰਧ ਨਹੀਂ ਹੈ।’’ ਸੂਤਰਾਂ ਮੁਤਾਬਕ ਮਮਤਾ ਦੀ ਪਾਰਟੀ ਨੇ 2019 ਦੀਆਂ ਲੋਕ ਸਭਾ ਚੋਣਾਂ ’ਚ ਕਾਂਗਰਸ ਦੇ ਪ੍ਰਦਰਸ਼ਨ ਨੂੰ ਵੇਖਦੇ ਹੋਏ ਉਸ ਨੂੰ ਸਿਰਫ ਦੋ ਸੀਟਾਂ ਦੀ ਪੇਸ਼ਕਸ਼ ਕੀਤੀ ਹੈ, ਜਿਸ ਨੂੰ ਲੈ ਕੇ ਦੋਹਾਂ ਪਾਰਟੀਆਂ ’ਚ ਖਿੱਚੋਤਾਣ ਵਧ ਗਿਆ ਹੈ। ਪਛਮੀ ਬੰਗਾਲ ਦੀਆਂ ਦੋ ਪ੍ਰਮੁੱਖ ਪਾਰਟੀਆਂ ਤ੍ਰਿਣਮੂਲ ਕਾਂਗਰਸ, ਮਾਰਕਸਵਾਦੀ ਕਮਿਊਨਿਸਟ ਪਾਰਟੀ (ਸੀ.ਪੀ.ਆਈ.-ਐਮ) 28 ਵਿਰੋਧੀ ਪਾਰਟੀਆਂ ਦੇ ‘ਇੰਡੀਆ’ ਗੱਠਜੋੜ ਦਾ ਹਿੱਸਾ ਹੈ। ਬੈਨਰਜੀ ਨੇ ਇਹ ਵੀ ਕਿਹਾ ਕਿ ਪਾਰਟੀ ਦਾ ਸੂਬੇ ’ਚ ਕਾਂਗਰਸ ਨਾਲ ਕੋਈ ਸਬੰਧ ਨਹੀਂ ਹੋਵੇਗਾ।
ਉਨ੍ਹਾਂ ਦੀ ਇਹ ਟਿਪਣੀ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਅਗਵਾਈ ਵਾਲੀ ‘ਭਾਰਤ ਜੋੜੋ ਨਿਆਂ ਯਾਤਰਾ’ ਦੇ ਪਛਮੀ ਬੰਗਾਲ ’ਚ ਦਾਖਲ ਹੋਣ ਤੋਂ ਇਕ ਦਿਨ ਪਹਿਲਾਂ ਆਈ ਹੈ। ਉਨ੍ਹਾਂ ਕਿਹਾ, ‘‘ਕਾਂਗਰਸ ਨੂੰ ਅਪਣੇ ਦਮ ’ਤੇ 300 ਸੀਟਾਂ ’ਤੇ ਚੋਣ ਲੜਨ ਦਿਉ। ਖੇਤਰੀ ਪਾਰਟੀਆਂ ਇਕਜੁੱਟ ਹਨ ਅਤੇ ਬਾਕੀ ਸੀਟਾਂ ’ਤੇ ਚੋਣ ਲੜ ਸਕਦੀਆਂ ਹਨ। ਹਾਲਾਂਕਿ, ਅਸੀਂ ਉਨ੍ਹਾਂ (ਕਾਂਗਰਸ) ਦੀ ਕਿਸੇ ਵੀ ਦਖਲਅੰਦਾਜ਼ੀ ਨੂੰ ਬਰਦਾਸ਼ਤ ਨਹੀਂ ਕਰਾਂਗੇ।’’
ਤ੍ਰਿਣਮੂਲ ਕਾਂਗਰਸ ਸੁਪਰੀਮੋ ਨੇ ਪਿੱਛੇ ਜਿਹੇ ਕੋਲਕਾਤਾ ’ਚ ਇਕ ਰੈਲੀ ’ਚ ਅਜਿਹੀ ਹੀ ਟਿਪਣੀ ਕੀਤੀ ਸੀ ਜਿੱਥੇ ਉਸ ਨੇ ਕੁੱਝ ਖੇਤਰਾਂ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਵਿਰੁਧ ਲੜਾਈ ਦੀ ਅਗਵਾਈ ਕਰਨ ਲਈ ਸੂਬਾਈ ਆਗੂਆਂ ਦੇ ਵਿਚਾਰ ਦਾ ਸਮਰਥਨ ਕੀਤਾ ਸੀ ਅਤੇ ਸੁਝਾਅ ਦਿਤਾ ਸੀ ਕਿ ਕਾਂਗਰਸ ਅਪਣੇ ਦਮ ’ਤੇ 300 ਲੋਕ ਸਭਾ ਸੀਟਾਂ ’ਤੇ ਚੋਣ ਲੜੇਗੀ। ਵਿਰੋਧੀ ਗੱਠਜੋੜ ਪ੍ਰਤੀ ਅਟੁੱਟ ਵਚਨਬੱਧਤਾ ਜ਼ਾਹਰ ਕਰਦਿਆਂ ਮਮਤਾ ਬੈਨਰਜੀ ਨੇ ਬੁਧਵਾਰ ਨੂੰ ਕਿਹਾ, ‘‘ਕੌਮੀ ਪੱਧਰ ’ਤੇ ਅਸੀਂ ਚੋਣਾਂ ਤੋਂ ਬਾਅਦ ‘ਇੰਡੀਆ’ ਗੱਠਜੋੜ ਦੇ ਹਿੱਸੇ ਵਜੋਂ ਅਪਣੀ ਰਣਨੀਤੀ ਤੈਅ ਕਰਾਂਗੇ। ਅਸੀਂ ਭਾਜਪਾ ਨੂੰ ਹਰਾਉਣ ਲਈ ਜੋ ਵੀ ਕਰ ਸਕਦੇ ਹਾਂ ਕਰਾਂਗੇ।’’
ਤ੍ਰਿਣਮੂਲ ਕਾਂਗਰਸ ਨੇ ਹਾਲ ਹੀ ’ਚ ‘ਇੰਡੀਆ’ ਗੱਠਜੋੜ ਦੀ ਵਰਚੁਅਲ ਬੈਠਕ ਤੋਂ ਦੂਰੀ ਬਣਾਈ ਰੱਖੀ ਸੀ ਅਤੇ ਕਾਂਗਰਸ ਨੂੰ ਬੰਗਾਲ ’ਚ ਅਪਣੀਆਂ ਹੱਦਾਂ ਨੂੰ ਪਛਾਣਨ ਅਤੇ ਤ੍ਰਿਣਮੂਲ ਕਾਂਗਰਸ ਨੂੰ ਸੂਬੇ ’ਚ ਸਿਆਸੀ ਲੜਾਈ ਦੀ ਅਗਵਾਈ ਕਰਨ ਦੀ ਇਜਾਜ਼ਤ ਦੇਣ ਦੀ ਜ਼ਰੂਰਤ ’ਤੇ ਜ਼ੋਰ ਦਿਤਾ ਸੀ। ਤ੍ਰਿਣਮੂਲ ਕਾਂਗਰਸ ਨੇ 2001 ਦੀਆਂ ਵਿਧਾਨ ਸਭਾ ਚੋਣਾਂ, 2009 ਦੀਆਂ ਲੋਕ ਸਭਾ ਚੋਣਾਂ ਅਤੇ 2011 ਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਨਾਲ ਗੱਠਜੋੜ ਕੀਤਾ ਸੀ। ਇਸ ਗੱਠਜੋੜ ਨੇ 2011 ਦੀਆਂ ਚੋਣਾਂ ’ਚ ਭਾਰਤੀ ਕਮਿਊਨਿਸਟ ਪਾਰਟੀ-ਮਾਰਕਸਵਾਦੀ (ਸੀ.ਪੀ.ਆਈ.-ਐਮ) ਦੀ ਅਗਵਾਈ ਵਾਲੀ 34 ਸਾਲ ਪੁਰਾਣੀ ਖੱਬੇ ਮੋਰਚੇ ਦੀ ਸਰਕਾਰ ਨੂੰ ਹਟਾ ਦਿਤਾ ਸੀ।