- Updated: July 08, 2024 10:29 AM
ਬਠਿੰਡਾ ਦੇ ਕਸਬਾ ਮੌੜ ਮੰਡੀ ਵਿਖੇ ਉਸ ਸਮੇਂ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ ਜਦੋਂ ਟਰੱਕ ਯੂਨੀਅਨ ਵਿੱਚ ਬੈਠੇ ਜਸਪਾਲ ਸਿੰਘ ਅਠਿਆਨੀ ਨਾਂ ਦੇ ਨੌਜਵਾਨ ਨੂੰ ਕਰੀਬ ਇੱਕ ਦਰਜਨ ਹਮਲਾਵਰਾਂ ਨੇ ਹਥਿਆਰਾਂ ਨਾਲ ਬੁਰੀ ਤਰ੍ਹਾਂ ਕੁੱਟਿਆ। ਇਸ ਘਟਨਾ ਤੋਂ ਬਾਅਦ ਹਮਲਾਵਰ ਟਰੱਕ ਯੂਨੀਅਨ ਤੋਂ ਫਰਾਰ ਹੋ ਗਏ ਅਤੇ ਜ਼ਖਮੀ ਨੌਜਵਾਨ ਨੂੰ ਪਹਿਲਾਂ ਮੌੜ ਮੰਡੀ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਫਿਰ ਉਸ ਨੂੰ ਇਲਾਜ ਲਈ ਬਠਿੰਡਾ ਦੇ ਸਰਕਾਰੀ ਹਸਪਤਾਲ ਰੈਫਰ ਕੀਤਾ ਗਿਆ
ਜਖ਼ਮੀ ਨੌਜਵਾਨ ਜਸਪਾਲ ਸਿੰਘ ਅਠਿਆਨੀ ਦੇ ਭਰਾ ਸੁਖਪਾਲ ਸਿੰਘ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਇੱਕ ਕਤਲ ਹੋਇਆ ਸੀ ਇਸ ਕਤਲ ਦੇ ਮੁਲਜ਼ਮ ਜੇਲ ਵਿੱਚ ਹਨ। ਪਰ ਫਿਰ ਵੀ ਹਮਲਾਵਰਾਂ ਵੱਲੋਂ ਉਨ੍ਹਾਂ ਦੇ ਭਰਾ ਨੂੰ ਉਸ ਕਤਲ ਕੇਸ ਦੀ ਰੰਜਿਸ਼ ਤਹਿਤ ਬੁਰੀ ਤਰ੍ਹਾਂ ਕੁੱਟਿਆ ਗਿਆ ਹੈ।

ਹਮਲਾਵਰਾਂ ਵਲੋਂ ਜਸਪਾਲ ਸਿੰਘ ਦੀਆਂ ਦੋਵੇਂ ਲੱਤਾਂ ਤੋੜ ਦਿੱਤੀਆਂ ਗਈਆਂ ਹਨ ਜਦੋਂ ਕਿ ਉਸ ਦੀ ਇੱਕ ਬਾਂਹ ਪਹਿਲਾਂ ਹੀ ਕੰਮ ਨਹੀਂ ਕਰਦੀ। ਜਸਪਾਲ ਸਿੰਘ ਦੀ ਮਾਤਾ ਦਾ ਕਹਿਣਾ ਹੈ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤੇ ਪੁਲਿਸ ਪ੍ਰਸ਼ਾਸਨ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰੇ ਕਿਉਂਕਿ ਉਨ੍ਹਾਂ ਨੂੰ ਆਪਣੀ ਜਾਨ ਅਤੇ ਮਾਲ ਦਾ ਪਹਿਲਾਂ ਹੀ ਖਤਰਾ ਹੈ।