ਜ਼ਮਾਨਤ ''ਤੇ ਜੇਲ੍ਹ ਤੋਂ ਬਾਹਰ ਆਏ ਨੌਜਵਾਨ ਦਾ ਕਤਲ, ਘਰ ਦੇ ਬਾਹਰ ਸੈਰ ਕਰਦੇ ਸਮੇਂ ਮਾਰੀਆਂ ਗੋਲੀਆਂ

ਜ਼ਮਾਨਤ ''ਤੇ ਜੇਲ੍ਹ ਤੋਂ ਬਾਹਰ ਆਏ ਨੌਜਵਾਨ ਦਾ ਕਤਲ, ਘਰ ਦੇ ਬਾਹਰ ਸੈਰ ਕਰਦੇ ਸਮੇਂ ਮਾਰੀਆਂ ਗੋਲੀਆਂ

ਹਰਿਆਣਾ ਅਧੀਨ ਪੈਂਦੇ ਬਹਾਦੁਰਗੜ੍ਹ ਦੇ ਪਿੰਡ ਬੀਰਬਰਕਤਾਬਾਦ ‘ਚ ਦੇਰ ਰਾਤ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਵਿਚ ਦੇਰ ਰਾਤ ਬਾਈਕ ਸਵਾਰ ਤਿੰਨ ਬਦਮਾਸ਼ਾਂ ਨੇ ਨੌਜਵਾਨ ‘ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਮ੍ਰਿਤਕ ਦੀ ਪਛਾਣ 29 ਸਾਲਾਂ ਨੀਰਜ ਉਰਫ ਬਾਂਡੀਆ ਵਜੋਂ ਹੋਈ ਹੈ। ਨੀਰਜ ਖਾਣਾ ਖਾਣ ਤੋਂ ਬਾਅਦ ਘਰ ਦੇ ਬਾਹਰ ਟਹਿਲ ਰਿਹਾ ਸੀ, ਜਦੋਂ ਉਸ ‘ਤੇ ਫਾਇਰਿੰਗ ਕਰ ਦਿੱਤੀ ਗਈ। ਉਹ ਜਾਨ ਬਚਾਉਣ ਲਈ ਲਗਭਗ 50 ਮੀਟਰ ਤੱਕ ਦੌੜਿਆ ਪਰ ਗੋਲੀਆਂ ਲੱਗਣ ਕਰਕੇ ਡਿੱਗ ਪਿਆ। ਹਸਪਤਾਲ ਵਿਚ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਵਾਰਦਾਤ ਤੋਂ ਬਾਅਦ ਤਿੰਨੋਂ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।

ਚਸ਼ਮਦੀਦਾਂ ਦੇ ਅਨੁਸਾਰ, ਨੀਰਜ ਰਾਤ ਦੇ ਖਾਣੇ ਤੋਂ ਬਾਅਦ ਆਪਣੇ ਘਰ ਦੇ ਬਾਹਰ ਸੈਰ ਕਰ ਰਿਹਾ ਸੀ ਕਿ ਇੱਕ ਮੋਟਰਸਾਈਕਲ ‘ਤੇ ਤਿੰਨ ਹਮਲਾਵਰ ਆਏ ਅਤੇ ਬਿਨਾਂ ਕੋਈ ਮੌਕਾ ਦਿੱਤੇ ਉਸ ‘ਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਗੋਲੀਆਂ ਦੀ ਆਵਾਜ਼ ਨਾਲ ਪੂਰੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਨੀਰਜ ਆਪਣੀ ਜਾਨ ਬਚਾਉਣ ਲਈ ਭੱਜਿਆ,ਪਰ ਕਈ ਗੋਲੀਆਂ ਲੱਗਣ ਤੋਂ ਬਾਅਦ ਥੋੜ੍ਹੀ ਦੂਰੀ ‘ਤੇ ਡਿੱਗ ਪਿਆ। ਫਿਰ ਹਮਲਾਵਰ ਮੌਕੇ ਤੋਂ ਭੱਜ ਗਏ।

Image

ਪਰਿਵਾਰਕ ਮੈਂਬਰਾਂ ਅਤੇ ਨੇੜਲੇ ਨਿਵਾਸੀਆਂ ਨੇ ਗੰਭੀਰ ਜ਼ਖਮੀ ਨੀਰਜ ਨੂੰ ਤੁਰੰਤ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਕਤਲ ਦੀ ਸੂਚਨਾ ਮਿਲਦੇ ਹੀ ਬਹਾਦਰਗੜ੍ਹ ਦੇ ਡੀਸੀਪੀ ਮਯੰਕ ਮਿਸ਼ਰਾ ਅਤੇ ਡੀਸੀਪੀ ਕ੍ਰਾਈਮ ਸ਼ੁਭਮ ਸਿੰਘ ਭਾਰੀ ਪੁਲਿਸ ਫੋਰਸ ਨਾਲ ਮੌਕੇ ‘ਤੇ ਪਹੁੰਚੇ ਅਤੇ ਘਟਨਾ ਸਥਾਨ ਦਾ ਮੁਆਇਨਾ ਕੀਤਾ। ਪੁਲਿਸ ਨੇ ਆਲੇ-ਦੁਆਲੇ ਦੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀਸੀਟੀਵੀ ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮ੍ਰਿਤਕ ਨੀਰਜ ਉਰਫ਼ ਬਾਂਡੀਆ ਦੇ ਖਿਲਾਫ ਕਤਲ ਅਤੇ ਸ਼ਰਾਬ ਤਸਕਰੀ ਸਮੇਤ ਦੋ ਪਹਿਲਾਂ ਅਪਰਾਧਿਕ ਮਾਮਲੇ ਦਰਜ ਸਨ। ਉਹ ਦਿੱਲੀ ਵਿੱਚ ਇੱਕ ਹਾਈ-ਪ੍ਰੋਫਾਈਲ ਕਤਲ ਕੇਸ ਦੇ ਸਬੰਧ ਵਿੱਚ ਲਗਭਗ ਪੰਜ ਮਹੀਨੇ ਪਹਿਲਾਂ ਜੇਲ੍ਹ ਤੋਂ ਜ਼ਮਾਨਤ ‘ਤੇ ਰਿਹਾਅ ਹੋਇਆ ਸੀ। ਇਸ ਲਈ ਪੁਲਿਸ ਪਿਛਲੀਆਂ ਦੁਸ਼ਮਣੀਆਂ, ਗੈਂਗਵਾਰ ਅਤੇ ਅਪਰਾਧਿਕ ਵਿਵਾਦਾਂ ਸਮੇਤ ਸਾਰੇ ਸੰਭਾਵਿਤ ਪਹਿਲੂਆਂ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।

ਇਸ ਖੂਨੀ ਘਟਨਾ, ਜੋ ਦਿਨ-ਦਿਹਾੜੇ ਨਹੀਂ ਸਗੋਂ ਰਾਤ ਦੇ ਹਨੇਰੇ ਵਿੱਚ ਵਾਪਰੀ, ਨੇ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਪੁਲਿਸ ਦਾ ਦਾਅਵਾ ਹੈ ਕਿ ਮੁਲਜ਼ਮਾਂ ਦੀ ਪਛਾਣ ਕਰਕੇ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।