2 ਨੌਜਵਾਨਾਂ ਵੱਲੋਂ ਮਾਮੂਲੀ ਗੱਲ ਨੂੰ ਲੈ ਕੇ ਵਿਅਕਤੀ ਦਾ ਕਿਰਚ ਮਾਰ ਕੇ ਕਤਲ

2 ਨੌਜਵਾਨਾਂ ਵੱਲੋਂ ਮਾਮੂਲੀ ਗੱਲ ਨੂੰ ਲੈ ਕੇ ਵਿਅਕਤੀ ਦਾ ਕਿਰਚ ਮਾਰ ਕੇ ਕਤਲ

ਕਿਰਚ ਮਾਰ ਕੇ ਵਿਅਕਤੀ ਦਾ ਕਤਲ ਕਰਨ ਵਾਲੇ ਦੋ ਨੌਜਵਾਨਾਂ ਖਿਲਾਫ ਥਾਣਾ ਸੇਖਵਾਂ ਦੀ ਪੁਲਸ ਵਲੋਂ ਕੇਸ ਦਰਜ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਮਲੇ ਦੀ ਤਫਤੀਸ਼ੀ ਮਹਿਲਾ ਐੱਸ.ਐੱਚ.ਓ ਐੱਸ.ਆਈ ਰਜਵੰਤ ਕੌਰ ਨੇ ਦੱਸਿਆ ਕਿ ਪੁਲਸ ਨੂੰ ਦਰਜ ਕਰਵਾਏ ਬਿਆਨ ਵਿਚ ਸੰਨੀ ਪੁੱਤਰ ਨਿੰਮਾ ਉਰਫ ਬਿੱਲਾ ਵਾਸੀ ਧਾਰੀਵਾਲ ਕਲਾਂ ਨੇ ਲਿਖਵਾਇਆ ਹੈ ਕਿ ਬੀਤੇ ਕੱਲ 31 ਦਸੰਬਰ ਨੂੰ ਉਹ ਆਪਣੇ ਕੰਮ ’ਤੇ ਬਟਾਲਾ ਆਇਆ ਹੋਇਆ ਸੀ ਕਿ ਉਸ ਨੂੰ ਦੁਪਹਿਰ 3 ਵਜੇ ਦੇ ਕਰੀਬ ਫੋਨ ਆਇਆ ਕਿ ਤੇਰੇ ਪਿਤਾ ਡੇਹਰੀਵਾਲ ਦਰੋਗਾ ਸਾਈਡ ਤੋਂ ਮੋਟਰਸਾਈਕਲ ਰੇਹੜੀ ’ਤੇ ਪਸ਼ੂ ਫੀਡ ਦੀਆਂ ਬੋਰੀਆਂ ਰੱਖ ਕੇ ਆਪਣੇ ਪਿੰਡ ਧਾਰੀਵਾਲ ਕਲਾਂ ਨੂੰ ਆ ਰਹੇ ਸੀ ਕਿ ਪਿੰਡ ਦੇ ਬਾਹਰਵਾਰ ਟੀ-ਪੁਆਇੰਟ ਡਰੇਨ ਨੇੜੇ ਉਨ੍ਹਾਂ ਦਾ ਝਗੜਾ ਸਪਲੈਂਡਰ ਸਵਾਰ ਦੋ ਨੌਜਵਾਨਾਂ ਨਾਲ ਕਿਸੇ ਗੱਲ ਤੋਂ ਹੋ ਗਿਆ ਹੈ, ਜਿੰਨਾਂ ਨੇ ਕਿਰਚ ਮਾਰ ਕੇ ਤੇਰੇ ਪਿਤਾ ਨੂੰ ਜ਼ਖਮੀ ਕਰ ਦਿੱਤਾ ਹੈ।

ਇਸ ਦੌਰਾਨ ਜ਼ਖ਼ਮੀ ਹਾਲਤ 'ਚ ਉਸ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਲਿਜਾਇਆ ਗਿਆ ਹੈ, ਜਿਸ ’ਤੇ ਉਹ ਤੁਰੰਤ ਗੁਰਦਾਸਪੁਰ ਵਿਖੇ ਪਹੁੰਚਿਆ ਅਤੇ ਦੇਖਿਆ ਕਿ ਉਸਦੇ ਪਿਤਾ ਨਿੰਮਾ ਉਰਫ ਬਿੱਲਾ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਡਾਕਟਰਾਂ ਨੇ ਉਸਦੇ ਪਿਤਾ ਨੂੰ ਦੂਜੇ ਹਸਪਤਾਲ ਵਿਖੇ ਰੈਫਰ ਕਰ ਦਿੱਤਾ, ਜਿਥੇ ਇਲਾਜ ਦੌਰਾਨ ਉਸਦੇ ਪਿਤਾ ਦੀ ਮੌਤ ਹੋ ਗਈ।

ਐੱਸ.ਐੱਚ.ਓ ਰਜਵੰਤ ਕੌਰ ਨੇ ਅੱਗੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਕਾਰਵਾਈ ਕਰਦਿਆਂ ਬਿਆਨਕਰਤਾ ਸੰਨੀ ਦੇ ਬਿਆਨਾਂ ’ਤੇ ਥਾਣਾ ਸੇਖਵਾਂ ਵਿਖੇ ਦੋ ਵਿਅਕਤੀਆਂ ਗੁਰਮੀਤ ਸਿੰਘ ਵਾਸੀ ਧਾਰੀਵਾਲ ਕਲਾਂ ਅਤੇ ਇਕ ਅਣਪਛਾਤੇ ਵਿਅਕਤੀ ਖਿਲਾਫ ਕੇਸ ਦਰਜ ਕਰ ਦਿੱਤਾ ਹੈ ਅਤੇ ਮਿ੍ਰਤਕ ਦੀ ਲਾਸ਼ ਦਾ ਸਿਵਲ ਹਸਪਤਾਲ ਬਟਾਲਾ ਵਿਖੇ ਪੋਸਟਮਾਰਟਮਮ ਕਰਵਾਉਣ ਉਪਰੰਤ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਗਈ ਹੈ।