ਮੰਡੀ ਗੋਬਿੰਦਗੜ੍ਹ ਵਿੱਚ ਹਾਦਸਾ, ਟੋਭੇ ‘ਚ ਡੁੱਬ ਕੇ ਭੂਆ ਤੇ ਭਤੀਜੇ ਦੀ ਮੌਤ

ਮੰਡੀ ਗੋਬਿੰਦਗੜ੍ਹ ਵਿੱਚ ਹਾਦਸਾ, ਟੋਭੇ ‘ਚ ਡੁੱਬ ਕੇ ਭੂਆ ਤੇ ਭਤੀਜੇ ਦੀ ਮੌਤ

ਮੰਡੀ ਗੋਬਿੰਦਗੜ੍ਹ ਦੇ ਨਜ਼ਦੀਕੀ ਪਿੰਡ ਬਡਗੁਜਰਾ ਵਿੱਚ ਇੱਕ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਹੈ, ਜਿੱਥੇ ਪਿੰਡ ਦੇ ਟੋਭੇ ਵਿੱਚ ਡੁੱਬਣ ਕਾਰਨ ਭੂਆ ਅਤੇ ਉਸ ਦੇ 12 ਸਾਲਾ ਭਤੀਜੇ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ, ਮ੍ਰਿਤਕ ਮਹਿਲਾ ਆਪਣੇ 5 ਸਾਲਾ ਪੁੱਤਰ ਸਮੇਤ ਪੇਕੇ ਘਰ ਛੁੱਟੀਆਂ ਬਿਤਾਉਣ ਆਈ ਹੋਈ ਸੀ। 

ਇਹ ਹਾਦਸਾ ਉਦੋਂ ਵਾਪਰਿਆ ਜਦੋਂ ਮਹਿਲਾ (ਕਰਮਜੀਤ ਕੌਰ) ਆਪਣੇ ਪੁੱਤਰ ਅਤੇ ਭਤੀਜੇ ਨਾਲ ਇੱਕ ਰਿਕਸ਼ਾ ਰੇਹੜੀ ‘ਤੇ ਪਾਥੀਆਂ ਲੈ ਕੇ ਜਾ ਰਹੀ ਸੀ। ਰਸਤੇ ਵਿੱਚ ਢਲਾਨ ਹੋਣ ਕਾਰਨ ਰੇਹੜੀ ਅਚਾਨਕ ਬੇਕਾਬੂ ਹੋ ਕੇ ਟੋਭੇ ਵਿੱਚ ਪਲਟ ਗਈ ਅਤੇ ਤਿੰਨੋਂ ਗਾਰ ਵਿੱਚ ਫਸ ਗਏ।

ਘਟਨਾ ਦੇ ਸਮੇਂ ਖੇਤਾਂ ਵਿੱਚ ਕਣਕ ਦੀ ਕਟਾਈ ਕਰ ਰਹੇ ਬਲਜਿੰਦਰ ਸਿੰਘ ਨਾਮਕ ਨੌਜਵਾਨ ਅਤੇ ਬੱਚੇ ਦੇ ਦਾਦਾ ਗੁਰਦਾਸ ਸਿੰਘ ਨੇ ਤੁਰੰਤ ਪਾਣੀ ਵਿੱਚ ਛਾਲ ਮਾਰ ਕੇ ਬਚਾਅ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਔਰਤ ਅਤੇ ਉਸ ਦੇ 5 ਸਾਲਾ ਬੱਚੇ ਨੂੰ ਬਾਹਰ ਕੱਢ ਲਿਆ, ਪਰ 12 ਸਾਲਾ ਅਨੰਤਵੀਰ ਸਿੰਘ ਡੂੰਘੇ ਪਾਣੀ ਅਤੇ ਦਲਦਲ ਵਿੱਚ ਫਸਿਆ ਰਿਹਾ। ਲਗਭਗ ਡੇਢ ਘੰਟੇ ਦੀ ਮਿਹਨਤ ਤੋਂ ਬਾਅਦ ਜਦੋਂ ਉਸਨੂੰ ਬਾਹਰ ਕੱਢ ਕੇ ਹਸਪਤਾਲ ਲਿਜਾਇਆ ਗਿਆ, ਤਾਂ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। 

ਦੂਜੇ ਪਾਸੇ, ਗੰਭੀਰ ਹਾਲਤ ਵਿੱਚ ਰਾਜਿੰਦਰਾ ਹਸਪਤਾਲ ਪਟਿਆਲਾ ਰੈਫਰ ਕੀਤੀ ਗਈ ਕਰਮਜੀਤ ਕੌਰ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ। ਉਸ ਦਾ 5 ਸਾਲਾ ਪੁੱਤਰ ਵਿਵੇਕ ਸਿੰਘ ਅਜੇ ਵੀ ਵੈਂਟੀਲੇਟਰ 'ਤੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ।

ਪਿੰਡ ਵਾਸੀਆਂ ਅਨੁਸਾਰ, ਮ੍ਰਿਤਕ ਬੱਚੇ ਅਨੰਤਵੀਰ ਸਿੰਘ ਦੇ ਪਿਤਾ ਕੁਲਵਿੰਦਰਜੀਤ ਸਿੰਘ ਰੋਜ਼ੀ-ਰੋਟੀ ਲਈ ਮਲੇਸ਼ੀਆ ਵਿੱਚ ਰਹਿੰਦੇ ਹਨ। ਇਸ ਦੁਖਦਾਈ ਖ਼ਬਰ ਦੇ ਪਹੁੰਚਣ ਨਾਲ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।