- Updated: October 14, 2026 01:23 PM
ਮਾਨਸਾ ਵਿਚ ਦਿਨ-ਦਿਹਾੜੇ ਮੈਡੀਕਲ ਸਟੋਰ ਸੰਚਾਲਕ ਵੱਲੋਂ ਕਤਲ ਕੀਤੇ ਗਏ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਣ ਜਾ ਰਹੇ 'ਵਾਰਿਸ ਪੰਜਾਬ ਦੇ' ਦੇ ਆਗੂ ਮਨਪ੍ਰੀਤ ਸਿੰਘ ਇਆਲੀ ਤੇ ਉਨ੍ਹਾਂ ਦੇ ਸਮਰਥਕਾਂ ਨੂੰ ਜਗਰਾਓਂ ਪੁਲਸ ਨੇ ਹਲਵਾਰਾ ਚੌਕ 'ਤੇ ਕੀਤੀ ਨਾਕਾਬੰਦੀ 'ਤੇ ਰੋਕ ਲਿਆ। ਪੁਲਸ ਅਫ਼ਸਰਾਂ ਨਾਲ ਕਾਫ਼ੀ ਦੇਰ ਤਕ ਚੱਲੀ ਤਕਰਰਾਰ ਮਗਰੋਂ ਪੁਲਸ ਨੇ ਇਆਲੀ ਤੇ ਉਨ੍ਹਾਂ ਦੇ ਸਾਥੀਆਂ ਨੂੰ ਹਿਰਾਸਤ ਵਿਚ ਲੈ ਲਿਆ ਤੇ ਸਰਕਾਰੀ ਗੱਡੀਆਂ ਵਿਚ ਬਿਠਾ ਕੇ ਥਾਣਾ ਰਾਏਕੋਟ ਲੈ ਗਈ। ਇਸ ਮਗਰੋਂ ਇਲਾਕੇ ਵਿਚ ਭਾਰੀ ਪੁਲਸ ਫ਼ੋਰਸ ਤਾਇਨਾਤ ਕਰ ਦਿੱਤੀ ਗਈ ਹੈ।
ਜਾਣਕਾਰੀ ਮੁਤਾਬਕ, ਮਨਪ੍ਰੀਤ ਸਿੰਘ ਇਆਲੀ ਆਪਣੇ ਸਮਰਥਕਾਂ ਦੇ ਕਾਫ਼ਲੇ ਨਾਲ ਮਾਨਸਾ ਲਈ ਰਵਾਨਾ ਹੋਏ ਸਨ। ਉਹ ਮਾਨਸਾ ਵਿਚ ਦਿਨ-ਦਿਹਾੜੇ ਕਤਲ ਕੀਤੇ ਗਏ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਰਲ਼ ਕੇ ਸੋਗ ਜਤਾਉਣ ਜਾ ਰਹੇ ਸਨ, ਪਰ ਰਾਹ ਵਿਚ ਹੀ ਪੁਲਸ ਪ੍ਰਸ਼ਾਸਨ ਨੇ ਕਾਨੂੰਨ ਵਿਵਸਥਾ ਦਾ ਹਵਾਲਾ ਦਿੰਦਿਆਂ ਉਨ੍ਹਾਂ ਨੂੰ ਅੱਗੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਤੇ ਇਸ ਮਗਰੋਂ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ।
ਹਿਰਾਸਤ ਵਿਚ ਲਏ ਜਾਣ ਦੌਰਾਨ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਜੇਕਰ ਉਹ ਚਾਹੁੰਦੇ ਤਾਂ ਪੁਲਸ ਦੀ ਇਸ ਕਾਰਵਾਈ ਦੇ ਖ਼ਿਲਾਫ਼ ਸੜਕ 'ਤੇ ਧਰਨਾ ਦੇ ਕੇ ਮੁੱਖ ਮਾਰਗ ਪੂਰੀ ਤਰ੍ਹਾਂ ਜਾਮ ਕਰ ਸਕਦੇ ਹਨ, ਪਰ 'ਵਾਰਿਸ ਪੰਜਾਬ ਦੇ' ਦੀ ਲੜਾਈ ਪੰਜਾਬ ਦੇ ਲੋਕਾਂ ਦੇ ਹੱਕਾਂ ਤੇ ਇਨਸਾਫ਼ ਲਈ ਹੈ, ਇਸ ਲਈ ਉਹ ਕਦੀ ਵੀ ਆਮ ਜਨਤਾ, ਰਾਹਗੀਰਾਂ ਤੇ ਵਾਹਨ ਚਾਲਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਵਿਚ ਨਹੀਂ ਪਾਉਣਾ ਚਾਹੁੰਦੇ। ਇਆਲੀ ਨੇ ਦੱਸਿਆ ਕਿ ਉਨ੍ਹਾਂ ਨੂੰ ਵਾਰ-ਵਾਰ ਪੁਲਸ ਅਫ਼ਸਰਾਂ ਤੋਂ ਸ਼ਾਂਤੀਪੂਰਵਕ ਮਾਨਸਾ ਜਾਣ ਦੀ ਅਪੀਲ ਕੀਤੀ ਸੀ, ਪਰ ਪ੍ਰਸ਼ਾਸਨ ਨੇ ਇਕ ਨਾ ਸੁਣੀ ਤੇ ਉਨ੍ਹਾਂ ਨੂੰ ਜ਼ਬਰਦਸਤੀ ਰੋਕ ਕੇ ਹਿਰਾਸਤ ਵਿਚ ਲੈ ਲਿਆ।
ਮਨਪ੍ਰੀਤ ਇਆਲੀ ਨੇ ਇਹ ਵੀ ਦੋਸ਼ ਲਗਾਇਆ ਕਿ ਜਦੋਂ ਪੰਜਾਬ ਦੀਆਂ ਹੋਰ ਸਿਆਸੀ ਧਿਰਾਂ ਦੇ ਆਗੂ, ਸਮਾਜ ਸੇਵੀ ਤੇ ਆਮ ਲੋਕ ਬਿਨਾਂ ਕਿਸੇ ਰੋਕ-ਟੋਕ ਦੇ ਮਾਨਸਾ ਪਹੁੰਚ ਕੇ ਪੀੜਤ ਪਰਿਵਾਰ ਨੂੰ ਮਿਲ ਰਹੇ ਹਨ ਤਾਂ ਸਿਰਫ਼ 'ਵਾਰਿਸ ਪੰਜਾਬ ਦੇ' ਦੇ ਆਗੂਆਂ ਨੂੰ ਹੀ ਕਿਉਂ ਨਿਸ਼ਾਨਾ ਬਣਾ ਕੇ ਰੋਕਿਆ ਜਾ ਰਿਹਾ ਹੈ? ਦੂਜੇ ਪਾਸੇ, ਪੁਲਸ ਅਫ਼ਸਰਾਂ ਦਾ ਕਹਿਣਾ ਹੈ ਕਿ ਇਲਾਕੇ ਵਿਚ ਕਾਨੂੰਨ ਵਿਵਸਥਾ ਬਣਾਏ ਰੱਖਣ ਲਈ ਅਹਿਤਿਆਤਨ ਇਹ ਕਦਮ ਚੁੱਕਿਆ ਗਿਆ ਹੈ।