- Updated: February 27, 2026 06:27 PM
ਪੰਜਾਬ ਵਿਚ ਅਮਨ-ਕਾਨੂੰਨ ਦੀ ਵਿਗੜ ਰਹੀ ਸਥਿਤੀ ਨੂੰ ਲੈ ਕੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਸੂਬਾ ਸਰਕਾਰ ਅਤੇ ਪੁਲਸ ਪ੍ਰਸ਼ਾਸਨ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਤਾਜ਼ਾ ਮਾਮਲਾ ਜ਼ਿਲ੍ਹਾ ਮਾਨਸਾ ਦੇ ਸਰਦੂਲਗੜ੍ਹ ਤੋਂ ਸਾਹਮਣੇ ਆਇਆ ਹੈ, ਜਿੱਥੇ ਸ਼ੈਲਰ ਰੋਡ 'ਤੇ ਅੱਜ ਸਵੇਰੇ ਜਸਵੀਰ ਕੁਮਾਰ ਉਰਫ਼ ਕਾਕਾ ਅਤੇ ਉਸ ਦੇ ਮਾਲੀ ਬਲਦੇਵ ਦਾ ਕਤਲ ਕਰ ਦਿੱਤਾ ਗਿਆ। ਇਸ ਦੋਹਰੇ ਕਤਲ ਕਾਂਡ ਨੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਬਿਕਰਮ ਸਿੰਘ ਮਜੀਠੀਆ ਨੇ ਇਸ ਘਟਨਾ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਪੰਜਾਬ ਦੀ ਅਮਨ-ਕਾਨੂੰਨ ਦੀ ਸਥਿਤੀ ਦਿਨ-ਬ-ਦਿਨ ਨਿਘਾਰ ਵੱਲ ਜਾ ਰਹੀ ਹੈ।

ਮਜੀਠੀਆ ਨੇ ਦੋਸ਼ ਲਗਾਇਆ ਕਿ ਐਡਹਾਕ ਡੀਜੀਪੀ ਨਸ਼ਿਆਂ ਵਿਰੁੱਧ ਰੈਲੀਆਂ ਵਿਚ ਸਿਰਫ ਸਰਕਾਰ ਦਾ ਗੁਣਗਾਨ ਕਰਨ ਅਤੇ ਪੰਜਾਬ ਦੇ ਨੌਜਵਾਨਾਂ ਦੇ 'ਫੇਕ ਐਨਕਾਊਂਟਰ' (Fake Encounters) ਕਰਨ ਵਿਚ ਰੁੱਝਿਆ ਹੈ। ਉਨ੍ਹਾਂ ਕਿਹਾ ਕਿ ਜਿੱਥੇ ਸੂਬੇ ਵਿਚ ਅਪਰਾਧ ਵੱਧ ਰਹੇ ਹਨ, ਉੱਥੇ ਹੀ ਪੁਲਸ ਕਰਮਚਾਰੀ ਪ੍ਰੀ-ਵੈਡਿੰਗ ਸ਼ੂਟਾਂ (Pre-wedding shoots) ਵਿਚ ਐਕਟਿੰਗ ਕਰਨ ਵਿਚ ਮਸਤ ਹਨ। ਮਜੀਠੀਆ ਨੇ ਇਸ ਸਥਿਤੀ ਲਈ ਸੂਬੇ ਦੇ ਗ੍ਰਹਿ ਮੰਤਰੀ ਅਤੇ ਐਡਹਾਕ ਡੀਜੀਪੀ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਉਨ੍ਹਾਂ ਤੋਂ ਤੁਰੰਤ ਅਸਤੀਫੇ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਨੂੰ ਇਸ ਵੇਲੇ ਇੱਕ ਕਾਬਲ ਅਤੇ ਪੱਕੇ (Permanent) ਡੀਜੀਪੀ ਦੀ ਸਖ਼ਤ ਲੋੜ ਹੈ, ਜੋ ਸਿਰਫ਼ ਆਪਣੀ ਕੁਰਸੀ ਬਚਾਉਣ ਲਈ ਸਰਕਾਰ ਦੇ ਇਸ਼ਾਰਿਆਂ 'ਤੇ ਨਾ ਚੱਲੇ, ਸਗੋਂ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਸਹੀ ਤਰੀਕੇ ਨਾਲ ਸੰਭਾਲ ਸਕੇ।