ਕੈਨੇਡਾ ਭਾਰਤ ਦੀਆਂ ਵਧਦੀਆਂ ਊਰਜਾ ਲੋੜਾਂ ਲਈ ਬਣੇਗਾ ਅਹਿਮ ਭਾਈਵਾਲ : ਕੈਨੇਡੀਅਨ PM

ਕੈਨੇਡਾ ਭਾਰਤ ਦੀਆਂ ਵਧਦੀਆਂ ਊਰਜਾ ਲੋੜਾਂ ਲਈ ਬਣੇਗਾ ਅਹਿਮ ਭਾਈਵਾਲ : ਕੈਨੇਡੀਅਨ PM

ਮੱਧ ਪੂਰਬ ਵਿੱਚ ਜਾਰੀ ਭਿਆਨਕ ਜੰਗ ਅਤੇ ਤੇਲ ਦੀਆਂ ਅਸਮਾਨੀ ਚੜ੍ਹਦੀਆਂ ਕੀਮਤਾਂ ਦੇ ਵਿਚਕਾਰ ਕੈਨੇਡਾ ਤੋਂ ਭਾਰਤ ਲਈ ਇੱਕ ਮਹੱਤਵਪੂਰਨ ਰਣਨੀਤਕ ਖ਼ਬਰ ਸਾਹਮਣੇ ਆਈ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਭਾਰਤ ਦੀ ਵਧਦੀ ਤਾਕਤ ਅਤੇ ਊਰਜਾ ਦੀ ਮੰਗ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਹੈ।

ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਭਾਰਤ ਦੀ ਤੇਜ਼ੀ ਨਾਲ ਵਧ ਰਹੀ ਊਰਜਾ ਮੰਗ ਨੂੰ ਕੈਨੇਡਾ ਲਈ ਇੱਕ ਸੁਨਹਿਰੀ ਮੌਕਾ ਦੱਸਿਆ ਹੈ। ਸੋਸ਼ਲ ਮੀਡੀਆ 'ਤੇ ਪੋਸਟ ਕਰਦਿਆਂ ਪੀ.ਐਮ ਕਾਰਨੀ ਨੇ ਕਿਹਾ, "ਭਾਰਤ ਦੀ ਊਰਜਾ ਦੀ ਮੰਗ ਦੁਨੀਆ ਵਿੱਚ ਕਿਸੇ ਵੀ ਹੋਰ ਦੇਸ਼ ਨਾਲੋਂ ਤੇਜ਼ੀ ਨਾਲ ਵਧ ਰਹੀ ਹੈ। ਉਨ੍ਹਾਂ ਨੇ ਭਾਰਤ ਨੂੰ ਇੱਕ ਸੁਨਹਿਰੀ ਮੌਕੇ ਵਜੋਂ ਦੇਖਦਿਆਂ ਕਿਹਾ ਕਿ ਕੈਨੇਡਾ ਇੱਕ 'ਐਨਰਜੀ ਸੁਪਰਪਾਵਰ' (Energy Superpower) ਵਜੋਂ ਇਸ ਵਧਦੀ ਮੰਗ ਨੂੰ ਪੂਰਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।''

ਮਾਰਚ 2026 ਦੇ ਸ਼ੁਰੂ ਵਿੱਚ ਹੋਏ ਆਪਣੇ ਭਾਰਤ ਦੌਰੇ ਦੌਰਾਨ, ਕਾਰਨੀ ਨੇ ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਇੱਕ ਨਵੀਂ ਰੂਹ ਫੂਕੀ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸਪੱਸ਼ਟ ਕੀਤਾ ਹੈ ਕਿ ਭਾਰਤ ਵਿੱਚ ਊਰਜਾ ਦੀ ਮੰਗ ਦੁਨੀਆ ਦੇ ਕਿਸੇ ਵੀ ਹੋਰ ਦੇਸ਼ ਦੇ ਮੁਕਾਬਲੇ ਸਭ ਤੋਂ ਤੇਜ਼ੀ ਨਾਲ ਵਧ ਰਹੀ ਹੈ। 

ਇਹ ਘਟਨਾਕ੍ਰਮ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਵਿਸ਼ਵ ਪੱਧਰ 'ਤੇ ਤੇਲ ਅਤੇ ਊਰਜਾ ਦੇ ਮੋਰਚੇ 'ਤੇ ਭਾਰੀ ਹਲਚਲ ਹੈ। ਈਰਾਨ-ਇਜ਼ਰਾਈਲ ਜੰਗ ਕਾਰਨ ਕੱਚਾ ਤੇਲ 100 ਡਾਲਰ ਪ੍ਰਤੀ ਬੈਰਲ ਨੂੰ ਪਾਰ ਕਰ ਗਿਆ ਹੈ।ਹੰਗਰੀ ਵਰਗੇ ਦੇਸ਼ਾਂ ਨੇ ਪਹਿਲਾਂ ਹੀ ਤੇਲ ਨਿਰਯਾਤ 'ਤੇ ਪਾਬੰਦੀ ਲਗਾ ਦਿੱਤੀ ਹੈ। ਅਜਿਹੇ ਨਾਜ਼ੁਕ ਸਮੇਂ ਵਿੱਚ ਕੈਨੇਡਾ ਵੱਲੋਂ ਭਾਰਤ ਦੀਆਂ ਊਰਜਾ ਲੋੜਾਂ ਵਿੱਚ ਸਹਿਯੋਗ ਦੇਣ ਦੀ ਗੱਲ ਕਰਨਾ ਦੋਵਾਂ ਦੇਸ਼ਾਂ ਦੇ ਆਰਥਿਕ ਅਤੇ ਰਣਨੀਤਕ ਸਬੰਧਾਂ ਲਈ ਇੱਕ ਨਵਾਂ ਮੋੜ ਸਾਬਤ ਹੋ ਸਕਦਾ ਹੈ। ਕੈਨੇਡਾ ਦਾ ਇਹ ਰੁਖ ਭਾਰਤ ਨੂੰ ਭਵਿੱਖ ਵਿੱਚ ਊਰਜਾ ਦੇ ਇੱਕ ਸੁਰੱਖਿਅਤ ਅਤੇ ਸਥਿਰ ਸਰੋਤ ਨਾਲ ਜੋੜਨ ਵਿੱਚ ਮਦਦਗਾਰ ਸਿੱਧ ਹੋ ਸਕਦਾ ਹੈ।