- Updated: July 20, 2024 08:16 PM
ਭਾਰਤੀ ਕਿਸਾਨ ਯੂਨੀਅਨ ਪੰਜਾਬ ਤੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੀ ਖਾਸ ਮੀਟਿੰਗ ਲੁਧਿਆਣਾ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨਾਲ ਹੋਈ, ਜਿਸ ਵਿਚ ਭਾਕਿਯੂ ਪੰਜਾਬ ਦੇ ਸੂਬਾ ਪ੍ਰਧਾਨ ਦਿਲਬਾਗ ਸਿੰਘ ਗਿੱਲ, ਭਾਕਿਯੂ ਦੁਆਬਾ-ਮਾਲਵਾ ਜ਼ੋਨ ਦੇ ਪ੍ਰਧਾਨ ਇੰਦਰਬੀਰ ਸਿੰਘ ਕਾਦੀਆਂ ਸ਼ਾਮਿਲ ਹੋਏ। ਇਸ ਮੀਟਿੰਗ 'ਚ ਐੱਨ.ਐੱਚ.ਏ.ਆਈ. ਦਾ ਅਧਿਕਾਰੀ ਵੀ ਹਾਜ਼ਰ ਹੋਇਆ।
ਇਸ ਮੌਕੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਆਪਣਾ ਪੱਖ ਡਿਪਟੀ ਕਮਿਸ਼ਨਰ ਅੱਗੇ ਮਜ਼ਬੂਤੀ ਨਾਲ ਰੱਖਿਆ, ਪਰ ਐੱਨ.ਐੱਚ.ਏ.ਆਈ. ਦੇ ਅਧਿਕਾਰੀ ਵੱਲੋਂ ਡਿਪਟੀ ਕਮਿਸ਼ਨਰ ਨੂੰ ਟੋਲ ਪਲਾਜ਼ਾ ਸਬੰਧੀ ਨਾ ਕੋਈ ਦਸਤਾਵੇਜ਼ ਤੇ ਨਾ ਹੀ ਉਸ ਵੱਲੋਂ ਕੋਈ ਤਸੱਲੀਬਖਸ਼ ਜਵਾਬ ਦਿੱਤਾ ਗਿਆ, ਜਿਸ ਕਾਰਨ ਡਿਪਟੀ ਕਮਿਸ਼ਨਰ ਨਾਲ ਇਹ ਮੀਟਿੰਗ ਬੇਸਿੱਟਾ ਰਹੀ।
ਇਸ ਮੌਕੇ ਪ੍ਰਧਾਨ ਦਿਲਬਾਗ ਸਿੰਘ ਗਿੱਲ, ਪ੍ਰਧਾਨ ਇੰਦਰਵੀਰ ਸਿੰਘ ਕਾਦੀਆਂ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਐੱਨ.ਐੱਚ.ਏ.ਆਈ. ਦਾ ਅਧਿਕਾਰੀ ਡੀ.ਸੀ. ਸਾਹਿਬ ਨੂੰ ਟੋਲ ਪਲਾਜ਼ਾ ਦੇ ਸਬੰਧ 'ਚ ਸਬੂਤ ਦੇ ਤੌਰ 'ਤੇ ਕੋਈ ਵੀ ਦਸਤਾਵੇਜ਼ ਨਹੀਂ ਦਿਖਾ ਸਕਿਆ। ਉਨ੍ਹਾਂ ਕਿਹਾ ਕਿ ਹੁਣ ਤੱਕ ਇਹ ਟੋਲ ਪਲਾਜ਼ਾ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾ ਕੇ ਨਾਜਾਇਜ਼ ਤੌਰ 'ਤੇ ਚਲਾਇਆ ਜਾ ਰਿਹਾ ਸੀ, ਜਿਥੇ ਲੋਕਾਂ ਦੀ ਸੁਵਿਧਾ ਵਾਸਤੇ ਕੋਈ ਵੀ ਸਹੂਲਤ ਮੁਹੱਈਆ ਨਹੀਂ ਕਰਵਾਈ ਗਈ। ਉਨ੍ਹਾਂ ਕਿਹਾ ਕਿ ਮਾਨਯੋਗ ਹਾਈਕੋਰਟ 'ਚ ਅਗਲੀ ਸੁਣਵਾਈ 23 ਜੁਲਾਈ ਨੂੰ ਹੈ ਤੇ ਅਸੀਂ ਆਪਣਾ ਪੱਖ ਆਪਣੇ ਵਕੀਲ ਰਾਹੀਂ ਸਬੂਤਾਂ ਦੇ ਆਧਾਰ 'ਤੇ ਮਜ਼ਬੂਤੀ ਨਾਲ ਰੱਖਾਂਗੇ।
ਇਸ ਮੌਕੇ ਕੋਰ ਕਮੇਟੀ ਦੇ ਮੈਂਬਰ ਬਾਬਾ ਸੁਖਵਿੰਦਰ ਸਿੰਘ ਆਲੋਵਾਲ, ਪ੍ਰਧਾਨ ਸੁਰਿੰਦਰ ਸਿੰਘ ਪਵਾਰ, ਪ੍ਰਧਾਨ ਆਸਾ ਸਿੰਘ ਆਜ਼ਾਦ, ਅਮਰੀਕ ਸਿੰਘ ਸਿਕਰ, ਨੇਕ ਸਿੰਘ, ਤੀਰਥ ਸਿੰਘ, ਭੁਪਿੰਦਰ ਸਿੰਘ ਗਰੇਵਾਲ, ਕੁਲਵਿੰਦਰ ਸਿੰਘ ਕਨੂਰ, ਪਰਮਜੀਤ ਸਿੰਘ ਪੰਮਾ, ਸਮਿੰਦਰ ਸਿੰਘ, ਰਜਿੰਦਰ ਸਿੰਘ, ਕੁਲਵੰਤ ਸਿੰਘ, ਗੁਰਮੀਤ ਸਿੰਘ ਬਾੜੇਵਾਲ, ਹਰਜੀਤ ਸਿੰਘ, ਜਰਨੈਲ ਸਿੰਘ, ਗੁਰਨਾਮ ਸਿੰਘ ਮਠੱਡਾ, ਅਮਰਜੀਤ ਸਿੰਘ ਭੱਟੀ, ਪਵਨ ਕੁਮਾਰ ਠਾਕੁਰ, ਕਿਰਪਾਲ ਸਿੰਘ ਸਹਾਰਾ ਆਦਿ ਹਾਜ਼ਰ ਸਨ।