ਕੈਂਸਰ ਪੀੜਤ ਮਹਿਲਾ ਨਾਲ ਦੁਰਵਿਵਹਾਰ, ਅਮਰੀਕਨ ਏਅਰਲਾਈਨਜ਼ ਨੇ ਜਹਾਜ਼ ਤੋਂ ਉਤਾਰਿਆ

ਕੈਂਸਰ ਪੀੜਤ ਮਹਿਲਾ ਨਾਲ ਦੁਰਵਿਵਹਾਰ, ਅਮਰੀਕਨ ਏਅਰਲਾਈਨਜ਼ ਨੇ ਜਹਾਜ਼ ਤੋਂ ਉਤਾਰਿਆ

ਦਿੱਲੀ ਤੋਂ ਨਿਊਯਾਰਕ ਜਾ ਰਹੀ ਅਮੈਰੀਕਨ ਏਅਰਲਾਈਨਜ਼ ਦੀ ਫਲਾਇਟ ਤੋਂ ਕੈਂਸਰ ਪੀੜਤ ਇਕ ਔਰਤ ਨੂੰ ਉਤਾਰ ਦਿੱਤਾ ਗਿਆ। ਉਨ੍ਹਾਂ ਦੀ ਗਲਤੀ ਬਸ ਇੰਨੀ ਸੀ ਕਿ ਉਨ੍ਹਾਂ ਨੇ ਫਲਾਈਟ ’ਚ ਆਪਣਾ ਬੈਗ ਓਵਰਹੈੱਡ ਕੈਬਿਨ ’ਚ ਰੱਖਣ ਲਈ ਏਅਰ ਹੋਸਟੈੱਸ ਤੋਂ ਮਦਦ ਮੰਗ ਲਈ। ਪੀਡ਼ਤ ਔਰਤ ਨੇ ਦਿੱਲੀ ਪੁਲਸ ਅਤੇ ਸਿਵਲ ਏਅਰ ਨੂੰ ਇਸ ਦੀ ਸ਼ਿਕਾਇਤ ਕੀਤੀ ਹੈ। ਉਥੇ ਹੀ, ਏਅਰਲਾਈਨ ਨੇ ਮਾਮਲੇ ’ਤੇ ਸਫਾਈ ਦਿੰਦੇ ਹੋਏ ਕਿਹਾ ਕਿ ਪੈਸੰਜਰ ਨੇ ਕਰੂ ਮੈਂਬਰ ਦੇ ਨਿਰਦੇਸ਼ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਮਾਮਲੇ ’ਚ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀ. ਜੀ. ਸੀ. ਏ.) ਨੇ ਅਮੈਰੀਕਨ ਏਅਰਲਾਈਨਸ ਨੂੰ ਰਿਪੋਰਟ ਦੇਣ ਲਈ ਕਿਹਾ ਹੈ।

ਡੀ. ਜੀ. ਸੀ. ਏ. ਦੇ ਸੀਨੀਅਰ ਅਧਿਕਾਰੀ ਨੇ ਕਿਹਾ,‘‘ਅਸੀਂ 30 ਜਨਵਰੀ ਨੂੰ ਹੋਈ ਇਸ ਘਟਨਾ ਦੀ ਰਿਪੋਰਟ ਮੰਗੀ ਹੈ ਅਤੇ ਘਟਨਾ ਦੀ ਜਾਂਚ ਕਰ ਰਹੇ ਹਾਂ।’’ ਪੀੜਤ ਔਰਤ ਨੇ ਦੋਸ਼ ਲਾਇਆ ਕਿ ਉਨ੍ਹਾਂ ਨੇ ਓਵਰਹੈੱਡ ਕੈਬਿਨ ’ਚ ਹੈਂਡਬੈਗ ਰੱਖਣ ਲਈ ਫਲਾਈਟ ਅਟੈਂਡੈਂਟ ਤੋਂ ਸਹਾਇਤਾ ਮੰਗੀ ਸੀ, ਕਿਉਂਕਿ ਉਹ ਕਮਜ਼ੋਰੀ ਕਾਰਨ ਅਜਿਹਾ ਕਰਨ ’ਚ ਅਸਮਰਥ ਸੀ। ਦਿੱਲੀ ਪੁਲਸ ਅਤੇ ਸਿਵਲ ਏਅਰ ਨੂੰ ਆਪਣੀ ਸ਼ਿਕਾਇਤ ’ਚ ਔਰਤ ਨੇ ਕਿਹਾ ਕਿ ਵਾਰ-ਵਾਰ ਸਹਾਇਤਾ ਮੰਗਣ ਦੇ ਬਾਵਜੂਦ ਅਪੀਲ ਨੂੰ ਨਾਮਨਜ਼ੂਰ ਕਰ ਦਿੱਤਾ ਗਿਆ। ਫਲਾਈਟ ਅਟੈਂਡੈਂਟ ਨੇ ਉਨ੍ਹਾਂ ਨੂੰ ਕਿਹਾ ਕਿ ਜੇਕਰ ਮੁਸ਼ਕਿਲ ਹੈ ਤਾਂ ਫਲਾਈਟ ਤੋਂ ਉੱਤਰ ਜਾਓ। ਇਸ ਤੋਂ ਬਾਅਦ ਉਨ੍ਹਾਂ ਨੂੰ ਜਹਾਜ਼ ਤੋਂ ਉਤਾਰ ਦਿੱਤਾ ਗਿਆ। ਇੰਟਰਨੈੱਟ ਮੀਡੀਆ ’ਤੇ ਘਟਨਾ ਦੀ ਜਾਣਕਾਰੀ ਪ੍ਰਸਾਰਿਤ ਹੋਣ ’ਤੇ ਲੋਕਾਂ ਨੇ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਅਤੇ ਦਿੱਲੀ ਮਹਿਲਾ ਕਮਿਸ਼ਨ ਨੂੰ ਮਾਮਲੇ ’ਤੇ ਧਿਆਨ ਦੇਣ ਦੀ ਅਪੀਲ ਕੀਤੀ।