- Updated: February 06, 2023 01:46 PM
ਭਾਰਤ ਊਰਜਾ ਹਫ਼ਤੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਬੈਂਗਲੁਰੂ ਵਿੱਚ ਭਾਰਤ ਊਰਜਾ ਹਫ਼ਤੇ (IEW) 2023 ਦਾ ਉਦਘਾਟਨ ਕਰਨਗੇ। ਇਸ ਸਮਾਗਮ ਦਾ ਆਯੋਜਨ ਹਰੀ ਊਰਜਾ ਦੇ ਖੇਤਰ ਵਿੱਚ ਭਾਰਤ ਦੀ ਵਧ ਰਹੀ ਤਰੱਕੀ ਨੂੰ ਪ੍ਰਦਰਸ਼ਿਤ ਕਰਨ ਦੇ ਉਦੇਸ਼ ਨਾਲ ਕੀਤਾ ਜਾ ਰਿਹਾ ਹੈ। ਇਸ ਪ੍ਰੋਗਰਾਮ ਵਿੱਚ 34 ਦੇਸ਼ਾਂ ਦੇ ਮੰਤਰੀ ਅਤੇ ਰਾਜ ਮੁਖੀ ਹਿੱਸਾ ਲੈਣਗੇ। ਇਹ ਭਾਰਤ ਦੇ ਊਰਜਾ ਭਵਿੱਖ ਦੀਆਂ ਚੁਣੌਤੀਆਂ ਅਤੇ ਮੌਕਿਆਂ 'ਤੇ ਚਰਚਾ ਕਰਨ ਲਈ 30,000 ਤੋਂ ਵੱਧ ਡੈਲੀਗੇਟਾਂ, 1,000 ਪ੍ਰਦਰਸ਼ਕਾਂ ਅਤੇ 500 ਬੁਲਾਰਿਆਂ ਨੂੰ ਇਕੱਠਾ ਕਰੇਗਾ।
ਇੰਡੀਆ ਐਨਰਜੀ ਵੀਕ 2023 6 ਤੋਂ 8 ਫਰਵਰੀ ਤੱਕ ਆਯੋਜਿਤ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਭਾਰਤ ਊਰਜਾ ਹਫ਼ਤੇ ਵਿੱਚ ਹਿੱਸਾ ਲੈਣ ਲਈ ਅੱਜ ਬੈਂਗਲੁਰੂ ਦਾ ਦੌਰਾ ਕਰਨਗੇ ਅਤੇ ਬਾਅਦ ਵਿੱਚ ਵੱਡੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਨ ਅਤੇ ਵੱਖ-ਵੱਖ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣ ਲਈ ਤੁਮਾਕੁਰੂ ਜਾਣਗੇ।

ਇਹ ਸਮਾਗਮ ਵਾਤਾਵਰਣ ਨੂੰ ਬਚਾਉਣ ਵਾਲੀਆਂ ਚੁਣੌਤੀਆਂ ਅਤੇ ਮੌਕਿਆਂ 'ਤੇ ਚਰਚਾ ਕਰਨ ਲਈ ਰਵਾਇਤੀ ਅਤੇ ਗੈਰ-ਰਵਾਇਤੀ ਊਰਜਾ ਉਦਯੋਗ, ਸਰਕਾਰਾਂ ਅਤੇ ਅਕਾਦਮਿਕ ਖੇਤਰ ਦੇ ਨੇਤਾਵਾਂ ਨੂੰ ਇਕੱਠੇ ਕਰੇਗਾ। ਸਮਾਗਮ ਦੌਰਾਨ, ਪ੍ਰਧਾਨ ਮੰਤਰੀ ਗਲੋਬਲ ਤੇਲ ਅਤੇ ਗੈਸ ਦੇ ਸੀਈਓਜ਼ ਨਾਲ ਇੱਕ ਗੋਲਮੇਜ਼ ਗੱਲਬਾਤ ਵਿੱਚ ਹਿੱਸਾ ਲੈਣਗੇ। ਉਹ ਹਰੀ ਊਰਜਾ ਦੇ ਖੇਤਰ ਵਿੱਚ ਕਈ ਪਹਿਲਕਦਮੀਆਂ ਵੀ ਸ਼ੁਰੂ ਕਰਨਗੇ।
ਪ੍ਰਧਾਨ ਮੰਤਰੀ ਇੰਡੀਅਨ ਆਇਲ ਦੀ ‘ਅਨਬੋਟਲਡ’ ਪਹਿਲਕਦਮੀ ਦੇ ਤਹਿਤ ਵਰਦੀ ਵੀ ਲਾਂਚ ਕਰਨਗੇ। ਇੰਡੀਅਨ ਆਇਲ ਨੇ ਸਿੰਗਲ-ਯੂਜ਼ ਪਲਾਸਟਿਕ ਨੂੰ ਖਤਮ ਕਰਨ ਦੇ ਉਦੇਸ਼ ਨਾਲ ਰੀਸਾਈਕਲ ਪੌਲੀਏਸਟਰ (RPET) ਅਤੇ ਕੌਟਨ ਨਾਲ ਬਣੀ ਵਰਦੀ ਐਲਪੀਜੀ ਡਿਲੀਵਰੀ ਮੈਨ ਦੇ ਲਈ ਅਪਣਾਈ ਹੈ। ਮੋਦੀ ਇਥੇਨੌਲ ਦੇ ਮਿਸ਼ਰਣ ਵਾਲੇ ਈਂਧਨ E-20 ਲਾਂਚ ਕਰਨਗੇ । 2014 ਤੋਂ 2022 ਤੱਕ ਈਥਾਨੌਲ ਦੀ ਸਪਲਾਈ ਲਈ ਲਗਭਗ 81,800 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ ਹੈ ਅਤੇ ਕਿਸਾਨਾਂ ਨੂੰ 49,000 ਕਰੋੜ ਰੁਪਏ ਤੋਂ ਵੱਧ ਕਿਸਾਨਾਂ ਨੂੰ ਟਰਾਂਸਫਰ ਕੀਤਾ ਗਿਆ ਹੈ ।
ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ 11 ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਤੇਲ ਮਾਰਕੀਟਿੰਗ ਕੰਪਨੀਆਂ ਦੇ 84 ਰਿਟੇਲ ਆਊਟਲੇਟਾਂ ‘ਤੇ E20 ਈਂਧਨ ਦੀ ਸ਼ੁਰੂਆਤ ਕਰਨਗੇ । E20 ਪੈਟਰੋਲ ਦੇ ਨਾਲ 20 ਪ੍ਰਤੀਸ਼ਤ ਈਥਾਨੌਲ ਦਾ ਮਿਸ਼ਰਣ ਹੈ। ਸਰਕਾਰ ਦਾ ਟੀਚਾ 2025 ਤੱਕ ਈਥਾਨੌਲ ਦੇ 20 ਪ੍ਰਤੀਸ਼ਤ ਮਿਸ਼ਰਣ ਨੂੰ ਹਾਸਿਲ ਕਰਨਾ ਹੈ, ਅਤੇ ਤੇਲ ਮਾਰਕੀਟਿੰਗ ਕੰਪਨੀਆਂ 2G-3G ਈਥਾਨੌਲ ਪਲਾਂਟ ਸਥਾਪਤ ਕਰ ਰਹੀਆਂ ਹਨ ਜੋ ਤਰੱਕੀ ਦੀ ਸਹੂਲਤ ਦੇਵੇਗੀ।