ਪੰਜਾਬ ਕਾਂਗਰਸ ਦੇ ਤਿੰਨ ਬਾਗੀਆਂ ਨੂੰ ਕੇਂਦਰ ਨੇ ਮੁਹੱਈਆ ਕਰਵਾਈ ''ਵਾਈ'' ਸ਼੍ਰੇਣੀ ਦੀ ਸੁਰੱਖਿਆ

ਪੰਜਾਬ ਕਾਂਗਰਸ ਦੇ ਤਿੰਨ ਬਾਗੀਆਂ ਨੂੰ ਕੇਂਦਰ ਨੇ ਮੁਹੱਈਆ ਕਰਵਾਈ ''ਵਾਈ'' ਸ਼੍ਰੇਣੀ ਦੀ ਸੁਰੱਖਿਆ

ਕੇਂਦਰ ਸਰਕਾਰ ਨੇ ਪੰਜਾਬ ਕਾਂਗਰਸ ਦੇ ਤਿੰਨ ਸਾਬਕਾ ਆਗੂਆਂ ਨੂੰ ‘ਵਾਈ’ ਸ਼੍ਰੇਣੀ ਦੀ ਵੀਆਈਪੀ ਸੁਰੱਖਿਆ ਮੁਹੱਈਆ ਕਰਵਾਈ ਹੈ, ਜਿਸ ਤਹਿਤ ਉਨ੍ਹਾਂ ਦੀ ਸੁਰੱਖਿਆ ਲਈ ਅਰਧ ਸੈਨਿਕ ਬਲਾਂ ਦੇ ਕਮਾਂਡੋ ਤਾਇਨਾਤ ਕੀਤੇ ਜਾਣਗੇ। ਵੀਰਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਸੂਤਰਾਂ ਨੇ ਦਸਿਆ ਕਿ ਇਨ੍ਹਾਂ ਤਿੰਨਾਂ 'ਚੋਂ ਦੋ ਨੇਤਾ ਭਾਰਤੀ ਜਨਤਾ ਪਾਰਟੀ (ਭਾਜਪਾ) 'ਚ ਸ਼ਾਮਲ ਹੋ ਗਏ ਹਨ।

ਸੂਤਰਾਂ ਨੇ ਦਸਿਆ ਕਿ ਕੇਂਦਰੀ ਖੁਫੀਆ ਏਜੰਸੀਆਂ ਵਲੋਂ ਖਤਰੇ ਦਾ ਪਤਾ ਲੱਗਣ ਕਾਰਨ ਵਿਕਰਮਜੀਤ ਸਿੰਘ ਚੌਧਰੀ, ਉਨ੍ਹਾਂ ਦੇ ਮਾਤਾ ਕਰਮਜੀਤ ਕੌਰ ਚੌਧਰੀ ਅਤੇ ਤਜਿੰਦਰ ਸਿੰਘ ਬਿੱਟੂ ਨੂੰ ‘ਵਾਈ’ ਸ਼੍ਰੇਣੀ ਦੀ ਸੁਰੱਖਿਆ ਦਿਤੀ ਗਈ ਹੈ। ਕਰਮਜੀਤ ਕੌਰ ਅਤੇ ਬਿੱਟੂ ਹਾਲ ਹੀ ਵਿਚ ਭਾਜਪਾ ਵਿਚ ਸ਼ਾਮਲ ਹੋਏ ਹਨ। ਸੂਤਰਾਂ ਨੇ ਕਿਹਾ ਕਿ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਨੂੰ ਗ੍ਰਹਿ ਮੰਤਰਾਲੇ (ਐਮਐਚਏ) ਨੇ ਸੁਰੱਖਿਆ ਕਵਰ ਪ੍ਰਦਾਨ ਕਰਨ ਦੇ ਨਿਰਦੇਸ਼ ਦਿਤੇ ਹਨ।

ਫਿਲੌਰ ਦੇ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੂੰ ਹਾਲ ਹੀ ਵਿਚ ਪਾਰਟੀ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਲ ਹੋਣ ਦੇ ਇਲਜ਼ਾਮ ਤਹਿਤ ਕਾਂਗਰਸ ਨੇ ਮੁਅੱਤਲ ਕਰ ਦਿਤਾ ਸੀ। ਉਨ੍ਹਾਂ ਨੇ ਪਾਰਟੀ ਦੇ ਜਲੰਧਰ ਤੋਂ ਉਮੀਦਵਾਰ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਰੁੱਧ ਬਿਆਨ ਦਿਤਾ ਸੀ।

ਵਿਕਰਮਜੀਤ ਨੇ ਜਲੰਧਰ ਸੀਟ ਤੋਂ ਚੰਨੀ ਦੀ ਉਮੀਦਵਾਰੀ ਦਾ ਵਿਰੋਧ ਕੀਤਾ ਸੀ। ਵਿਕਰਮਜੀਤ ਦੇ ਮਾਤਾ ਕਰਮਜੀਤ ਕੌਰ ਚੌਧਰੀ 20 ਅਪ੍ਰੈਲ ਨੂੰ ਭਾਜਪਾ 'ਚ ਸ਼ਾਮਲ ਹੋਏ ਸਨ। ਹਿਮਾਚਲ ਪ੍ਰਦੇਸ਼ ਦੇ ਇੰਚਾਰਜ ਅਤੇ ਕਾਂਗਰਸ ਸਕੱਤਰ ਬਿੱਟੂ ਵੀ ਉਸੇ ਦਿਨ ਭਾਜਪਾ ਵਿਚ ਸ਼ਾਮਲ ਹੋਏ। ਬਿੱਟੂ ਨੂੰ ਕਾਂਗਰਸ ਆਗੂ ਪ੍ਰਿਅੰਕਾ ਗਾਂਧੀ ਦਾ ਕਰੀਬੀ ਮੰਨਿਆ ਜਾਂਦਾ ਸੀ।

'ਵਾਈ' ਸ਼੍ਰੇਣੀ ਦੀ ਸੁਰੱਖਿਆ ਹੇਠ ਤਕਰੀਬਨ ਚਾਰ-ਪੰਜ ਹਥਿਆਰਬੰਦ ਕਮਾਂਡੋ ਪੰਜਾਬ ਦੇ ਦੌਰੇ ਦੌਰਾਨ ਤਿੰਨੇ ਸਿਆਸਤਦਾਨਾਂ ਦੀ ਸੁਰੱਖਿਆ ਕਰਨਗੇ। ਉਮੀਦ ਹੈ ਕਿ ਸੀਆਰਪੀਐਫ ਛੇਤੀ ਹੀ ਤਿੰਨਾਂ ਨੇਤਾਵਾਂ ਦੀ ਸੁਰੱਖਿਆ ਸੰਭਾਲ ਲਵੇਗਾ। ਵੀਆਈਪੀ ਸੁਰੱਖਿਆ ਕਵਰ ਦੀ ਸੱਭ ਤੋਂ ਉੱਚੀ ਸ਼੍ਰੇਣੀ ਜ਼ੈੱਡ ਪਲੱਸ ਹੈ, ਉਸ ਤੋਂ ਬਾਅਦ ਜ਼ੈੱਡ, ਵਾਈ ਪਲੱਸ, ਵਾਈ ਅਤੇ ਵਾਈ ਸ਼੍ਰੇਣੀਆਂ ਹਨ।