ਪੰਜਾਬ ਤੇ ਹਰਿਆਣਾ ''ਚ ਮਹਿਸੂਸ ਹੋਏ ਭੂਚਾਲ ਦੇ ਝਟਕੇ

 ਪੰਜਾਬ ਤੇ ਹਰਿਆਣਾ ''ਚ ਮਹਿਸੂਸ ਹੋਏ ਭੂਚਾਲ ਦੇ ਝਟਕੇ

ਜਲੰਧਰ- ਪੰਜਾਬ 'ਚ ਹੁਣੇ-ਹੁਣੇ ਭੂਚਾਲ ਆਉਣ ਦੀ ਖ਼ਬਰ ਸਾਹਮਣੇ ਆਈ ਹੈ। ਪੰਜਾਬ ਤੋਂ ਇਲਾਵਾ ਹਰਿਆਣਾ 'ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ ਵੀਰਵਾਰ ਸ਼ਾਮ ਨੂੰ ਹਰਿਆਣਾ ਅਤੇ ਪੰਜਾਬ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਸ਼ਾਮ 6.10 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਤੀਬਰਤਾ 3.2 ਰਹੀ ਤੇ ਇਸ ਦਾ ਕੇਂਦਰ ਬਿੰਦੂ ਹਰਿਆਣਾ ਦਾ ਹਿਸਾਰ ਦੱਸਿਆ ਜਾ ਰਿਹਾ ਹੈ। ਫਿਲਹਾਲ ਇਸ ਕਾਰਨ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਜਾਣਕਾਰੀ ਨਹੀਂ ਮਿਲੀ ਹੈ। ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਹਿਲਜੁਲ ਕਾਰਨ ਧਰਤੀ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਤੋਂ ਬਾਅਦ ਲੋਕ ਘਰਾਂ ਤੋਂ ਬਾਹਰ ਆ ਗਏ।

ਭੂਚਾਲ ਦਾ ਕੇਂਦਰ ਪੰਜਾਬ ਦੀ ਸਰਹੱਦ ਨਾਲ ਲੱਗਦੇ ਸਿਰਸਾ ਦੀ ਮੰਡੀ ਡੱਬਵਾਲੀ ਨੇੜੇ ਸੀ। ਸਿਰਸਾ ਤੋਂ ਇਲਾਵਾ ਰਾਜਸਥਾਨ ਦੇ ਸ੍ਰੀਗੰਗਾਨਗਰ, ਹਨੂੰਮਾਨਗੜ੍ਹ ਅਤੇ ਪੰਜਾਬ ਦੇ ਅਬੋਹਰ, ਬਠਿੰਡਾ ਅਤੇ ਮਾਨਸਾ ਖੇਤਰਾਂ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।

ਇਹ ਖੇਤਰ ਭੂਚਾਲ ਜ਼ੋਨ 2 ਵਿਚ ਆਉਂਦਾ ਹੈ। ਆਮ ਤੌਰ 'ਤੇ ਅਜਿਹੇ ਖੇਤਰਾਂ ਵਿੱਚ ਭੂਚਾਲ ਦਾ ਸਭ ਤੋਂ ਘੱਟ ਖਤਰਾ ਹੁੰਦਾ ਹੈ। ਭਾਰਤ ਵਿੱਚ ਭੂਚਾਲਾਂ ਨੂੰ 4 ਜ਼ੋਨਾਂ ਵਿੱਚ ਵੰਡਿਆ ਗਿਆ ਹੈ। ਜਿਸ ਵਿਚ ਜ਼ੋਨ 2, 3, 4 ਅਤੇ 5 ਸ਼ਾਮਲ ਹਨ। ਇਸ ਦਾ ਮੁਲਾਂਕਣ ਖ਼ਤਰਿਆਂ ਦੇ ਹਿਸਾਬ ਨਾਲ ਕੀਤਾ ਜਾਂਦਾ ਹੈ। ਜ਼ੋਨ 2 ਸਭ ਤੋਂ ਘੱਟ ਖਤਰਾ ਪੈਦਾ ਕਰਦਾ ਹੈ ਅਤੇ ਜ਼ੋਨ 5 ਸਭ ਤੋਂ ਵੱਧ ਖਤਰਾ ਪੈਦਾ ਕਰਦਾ ਹੈ। ਨਕਸ਼ੇ ਵਿਚ ਜ਼ੋਨ 2 ਨੂੰ ਨੀਲਾ, ਜ਼ੋਨ 3 ਨੂੰ ਪੀਲਾ, ਜ਼ੋਨ 4 ਨੂੰ ਸੰਤਰੀ ਅਤੇ ਜ਼ੋਨ 5 ਨੂੰ ਲਾਲ ਰੰਗ ਦਿੱਤਾ ਗਿਆ ਹੈ। ਇਸ ਵਿਚ ਰੋਹਤਕ ਜ਼ਿਲ੍ਹੇ ਦਾ ਦਿੱਲੀ ਵਾਲਾ ਖੇਤਰ ਜ਼ੋਨ 4 ਵਿੱਚ ਆਉਂਦਾ ਹੈ ਅਤੇ ਹਿਸਾਰ ਵਾਲਾ ਖੇਤਰ ਜ਼ੋਨ 3 ਵਿਚ ਆਉਂਦਾ ਹੈ।

ਇੱਕ ਮਹੀਨਾ ਪਹਿਲਾਂ ਵੀ ਸੋਨੀਪਤ, ਹਰਿਆਣਾ ਤੋਂ 6.7 ਕਿਲੋਮੀਟਰ (4.2 ਮੀਲ) ਦੂਰ 2.4 ਤੀਬਰਤਾ ਦਾ ਇੱਕ ਹਲਕਾ ਭੂਚਾਲ ਆਇਆ ਸੀ, ਹਾਲਾਂਕਿ ਇਸ ਭੂਚਾਲ ਨਾਲ ਕਿਸੇ ਵੀ ਜਾਨੀ ਜਾਂ ਸੰਪਤੀ ਦਾ ਨੁਕਸਾਨ ਨਹੀਂ ਹੋਇਆ ਸੀ।

ਦੱਸ ਦੇਈਏ ਕਿ 11 ਜਨਵਰੀ ਨੂੰ ਦੁਪਹਿਰ 3 ਵਜੇ ਦੇ ਕਰੀਬ ਹਰਿਆਣਾ, ਪੰਜਾਬ ਦੇ ਨਾਲ-ਨਾਲ ਦੋਵਾਂ ਸੂਬਿਆਂ ਦੀ ਰਾਜਧਾਨੀ ਚੰਡੀਗੜ੍ਹ 'ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਅਫਗਾਨਿਸਤਾਨ ਦੇ ਹਿੰਦੂਕੁਸ਼ ਵਿਚ ਸੀ। 4 ਮਹੀਨਿਆਂ 'ਚ ਤੀਜੀ ਵਾਰ ਧਰਤੀ ਹਿੱਲੀ ਹੈ।

ਉੱਤਰਾਖੰਡ ਦੇ ਦੇਹਰਾਦੂਨ ਤੋਂ ਲੈ ਕੇ ਹਰਿਆਣਾ ਦੇ ਮਹਿੰਦਰਗੜ੍ਹ ਜ਼ਿਲ੍ਹੇ ਤੱਕ ਜ਼ਮੀਨ ਦੇ ਹੇਠਾਂ ਇੱਕ ਫਾਲਟ ਲਾਈਨ ਹੈ, ਜਿਸ ਵਿਚ ਅਣਗਿਣਤ ਤਰੇੜਾਂ ਆਉਣ ਕਾਰਨ ਗਤੀਵਿਧੀਆਂ ਚੱਲ ਰਹੀਆਂ ਹਨ। ਜਦੋਂ ਪਲੇਟਾਂ ਹਿੱਲਦੀਆਂ ਹਨ, ਉਹ ਇੱਕ ਦੂਜੇ ਨਾਲ ਟਕਰਾਉਂਦੀਆਂ ਹਨ ਅਤੇ ਵਾਈਬ੍ਰੇਸ਼ਨ ਦਾ ਕਾਰਨ ਬਣਦੀਆਂ ਹਨ। ਜਿਸ ਕਾਰਨ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਰਹੇ ਹਨ। ਭੂਚਾਲਾਂ ਤੋਂ ਬਚਣ ਲਈ ਘਰਾਂ ਨੂੰ ਭੂਚਾਲ ਰੋਧਕ ਸਮੱਗਰੀ ਨਾਲ ਬਣਾਉਣਾ ਚਾਹੀਦਾ ਹੈ। 2-3 ਮੰਜ਼ਿਲਾਂ ਤੋਂ ਵੱਧ ਉੱਚਾ ਘਰ ਨਹੀਂ ਬਣਾਉਣਾ ਚਾਹੀਦਾ। ਘਰ ਬਣਾਉਣ ਤੋਂ ਪਹਿਲਾਂ ਮਿੱਟੀ ਦੀ ਪਰਖ ਤੋਂ ਇਲਾਵਾ ਹੋਰ ਗੱਲਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ।