ਜਲੰਧਰ ''ਚ 9ਵੀਂ ਜਮਾਤ ਦੀ ਕੁੜੀ ਨੇ ਮੁੰਡੇ ਨੂੰ ਦਿੱਤਾ ਜਨਮ , ਖੁੱਲ੍ਹਿਆ ਭੇਤ

ਜਲੰਧਰ ''ਚ 9ਵੀਂ ਜਮਾਤ ਦੀ ਕੁੜੀ ਨੇ ਮੁੰਡੇ ਨੂੰ ਦਿੱਤਾ ਜਨਮ , ਖੁੱਲ੍ਹਿਆ ਭੇਤ

ਜਲੰਧਰ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਫਿਲੌਰ ਸਬ ਡਿਵੀਜ਼ਨ 'ਚ ਬਿਲਗਾ ਪੁਲਸ ਸਟੇਸ਼ਨ ਦੇ ਅਧਿਕਾਰ ਖੇਤਰ 'ਚ ਆਉਂਦੇ ਇਕ ਪਿੰਡ 'ਚ 15 ਸਾਲਾ ਨਾਬਾਲਗ ਵਿਦਿਆਰਥਣ ਨੇ ਇਕ ਬੱਚੇ ਨੂੰ ਜਨਮ ਦਿੱਤਾ ਹੈ। ਪੀੜਤਾ 9ਵੀਂ ਜਮਾਤ ਦੀ ਵਿਦਿਆਰਥਣ ਹੈ ਅਤੇ ਪਿਛਲੇ ਕੁਝ ਮਹੀਨਿਆਂ ਤੋਂ ਆਪਣੇ ਕਿਸੇ ਰਿਸ਼ਤੇਦਾਰ ਨਾਲ ਰਹਿ ਰਹੀ ਸੀ। ਇਸ ਘਟਨਾ ਤੋਂ ਬਾਅਦ ਪੁਲਸ ਨੇ ਅੰਮ੍ਰਿਤਸਰ ਦੇ ਰਹਿਣ ਵਾਲੇ ਰਾਹੁਲ ਨਾਮਕ ਨੌਜਵਾਨ ਵਿਰੁੱਧ ਭਾਰਤੀ ਨਿਆ ਸੰਹਿਤਾ ਦੀ ਧਾਰਾ 65(1) ਅਤੇ ਪੋਕਸੋ ਐਕਟ ਦੀ ਧਾਰਾ 6 ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਮਿਲੀ ਜਾਣਕਾਰੀ ਮੁਤਾਬਕ ਪੀੜਤ ਕੁੜੀ ਦੀ ਰਿਸ਼ਤੇਦਾਰ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ 15 ਸਾਲਾ ਭਤੀਜੀ 9ਵੀਂ ਕਲਾਸ ਵਿਚ ਪੜ੍ਹਦੀ ਹੈ। ਪੀੜਤਾ ਉਨ੍ਹਾਂ ਦੇ ਭਰਾ ਦੀ ਛੋਟੀ ਬੇਟੀ ਹੈ। ਕੁੜੀ ਦੀ ਮਾਂ ਕਰੀਬ 13 ਸਾਲ ਪਹਿਲਾਂ ਉਨ੍ਹਾਂ ਨੂੰ ਛੱਡ ਕੇ ਚਲੀ ਗਈ ਸੀ ਅਤੇ ਉਸ ਦੇ ਪਿਤਾ ਦੀ ਸਵਾ ਸਾਲ ਪਹਿਲਾਂ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਕੁੜੀ ਉਸ ਦੇ ਕੋਲ ਹੀ ਰਹਿ ਰਹੀ ਹੈ।

ਉਸ ਨੇ ਦੱਸਿਆ ਕਿ ਲੜਕੀ ਪਿਛਲੇ ਕਰੀਬ ਡੇਢ ਮਹੀਨੇ ਤੋਂ ਪੇਟ ਦਰਦ ਦੀ ਸ਼ਿਕਾਇਤ ਕਰ ਰਹੀ ਸੀ। ਪਹਿਲਾਂ ਉਸ ਨੂੰ ਇਕ ਨਿੱਜੀ ਡਾਕਟਰ ਤੋਂ ਦਵਾਈ ਦਿਵਾਈ ਗਈ ਪਰ ਲੜਕੀ ਨੂੰ ਆਰਾਮ ਨਹੀਂ ਆਇਆ, ਜਿਸ ’ਤੇ 19 ਅਪ੍ਰੈਲ ਨੂੰ ਉਸ ਦੇ ਢਿੱਡ ਵਿਚ ਤੇਜ਼ ਦਰਦ ਹੋਣ ਲੱਗਾ ਤਾਂ ਉਸ ਨੂੰ ਫਿਲੌਰ ਦੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਇਕ ਨਿੱਜੀ ਮਹਿਲਾ ਡਾਕਟਰ ਦੇ ਕੋਲ ਰੈਫਰ ਕਰ ਦਿੱਤਾ ਗਿਆ।

ਮਹਿਲਾ ਡਾਕਟਰ ਨੇ ਜਾਂਚ ਤੋਂ ਬਾਅਦ ਦੱਸਿਆ ਕਿ ਕੁੜੀ ਗਰਭਵਤੀ ਹੈ ਅਤੇ ਉਸ ਦੀ ਡਿਲਿਵਰੀ ਦਾ ਸਮਾਂ ਪੂਰਾ ਹੋ ਚੁੱਕਾ ਹੈ। ਸ਼ਿਕਾਇਤ ਕਰਤਾ ਨੇ ਪੁਲਸ ਨੂੰ ਦੱਸਿਆ ਕਿ ਕੁੜੀ ਦੀ ਡਿਲਿਵਰੀ ਕਰਵਾਈ ਗਈ ਹੈ, ਜਿਸ ਤੋਂ ਬਾਅਦ ਕੁੜੀ ਨੇ ਮੁੰਡੇ ਨੂੰ ਜਨਮ ਦਿੱਤਾ ਹੈ। ਡਿਲਿਵਰੀ ਮਗਰੋਂ ਸ਼ਿਕਾਇਤ ਕਰਤਾ ਨੇ ਭਤੀਜੀ ਤੋਂ ਮੁੰਡੇ ਬਾਰੇ ਪੁੱਛਿਆ ਤਾਂ ਕੁੜੀ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਰਹਿਣ ਵਾਲੇ ਰਾਹੁਲ ਨਾਮੀ ਨੌਜਵਾਨ ਨੇ ਉਸ ਨਾਲ ਜਬਰ-ਜ਼ਿਨਾਹ ਕੀਤਾ ਸੀ। ਰਾਹੁਲ ਦਾ ਪੂਰਾ ਪਤਾ ਉਸ ਨੂੰ ਪਤਾ ਨਹੀਂ ਹੈ।

ਬਿਲਗਾ ਥਾਣਾ ਦੀ ਪੁਲਸ ਨੇ ਉਕਤ ਮਾਮਲੇ ਵਿਚ ਅੰਮ੍ਰਿਤਸਰ ਦੇ ਰਹਿਣ ਵਾਲੇ ਰਾਹੁਲ ਨਾਮੀ ਨੌਜਵਾਨ ’ਤੇ ਕੇਸ ਦਰਜ ਕਰ ਲਿਆ ਹੈ। ਡੀ. ਐੱਸ. ਪੀ. ਸਬ ਡਿਵੀਜ਼ਨ ਫਿਲੌਰ ਭਰਤ ਮਸੀਹ ਨੇ ਦੱਸਿਆ ਕਿ ਥਾਣਾ ਬਿਲਗਾ ਦੇ ਥਾਣਾ ਮੁਖੀ ਗੁਰਸ਼ਰਣ ਸਿੰਘ ਨੇ ਮੁਲਜ਼ਮ ਰਾਹੁਲ ਖ਼ਿਲਾਫ਼ ਕੇਸ ਦਰਜ ਕਰਨ ਉਪਰੰਤ ਅੰਮ੍ਰਿਤਸਰ ਪੁਲਸ ਨੂੰ ਕੇਸ ਸੌਂਪਿਆ ਹੈ ਕਿਉਂਕਿ ਮਾਮਲਾ ਅੰਮ੍ਰਿਤਸਰ ਇਲਾਕੇ ਦਾ ਸੀ।