- Updated: November 19, 2026 05:28 PM
ਮੋਹਾਲੀ ਪੁਲਸ ਦੀ ਸੀ. ਆਈ. ਏ. ਟੀਮ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ, ਜਦੋਂ ਸੋਸ਼ਲ ਮੀਡੀਆ ਮਾਨੀਟਰਿੰਗ ਦੌਰਾਨ ਇੱਕ ਅਜਿਹਾ ਅਕਾਊਂਟ ਸਾਹਮਣੇ ਆਇਆ, ਜਿਸ 'ਚ ਇੱਕ ਵਿਅਕਤੀ ਵੱਲੋਂ ਨਾਜਾਇਜ਼ ਹਥਿਆਰ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਇਸ ਸਬੰਧੀ ਸੀ. ਆਈ. ਏ. ਮੋਹਾਲੀ ਦੀ ਟੀਮ ਵੱਲੋਂ ਗੁਪਤ ਸੂਚਨਾ ਇਕੱਠੀ ਕਰਨ ਅਤੇ ਤਕਨੀਕੀ ਜਾਂਚ ਕਰਨ ਉਪਰੰਤ ਕਾਰਵਾਈ ਕਰਦਿਆਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਜਸਦੀਪ ਸਿੰਘ ਪੁੱਤਰ ਮਨਦੀਪ ਸਿੰਘ ਵਾਸੀ ਰੰਧਾਵਾ ਰੋਡ, ਖਰੜ ਅਤੇ ਮਿਥੁਨ ਉਰਫ਼ ਨਲਵਾ ਪੁੱਤਰ ਰਿਸ਼ੀ ਪਾਲ ਵਾਸੀ ਛੱਜੂਮਾਜਰਾ, ਖਰੜ ਵਜੋਂ ਹੋਈ ਹੈ। ਮੁਲਜ਼ਮਾਂ ਕੋਲੋਂ ਇੱਕ .30 ਬੋਰ ਪਿਸਤੌਲ ਸਮੇਤ 2 ਜ਼ਿੰਦਾ ਕਾਰਤੂਸ, ਇੱਕ .450 ਬੋਰ ਦੇਸੀ ਕੱਟਾ ਸਮੇਤ 2 ਜ਼ਿੰਦਾ ਕਾਰਤੂਸ, ਇੱਕ ਬੁਲੇਟ ਮੋਟਰਸਾਈਕਲ ਚੋਰੀ ਕੀਤਾ ਗਿਆ ਬਰਾਮਦ ਕੀਤੇ ਗਏ ਹਨ। ਇਸ ਸਬੰਧੀ ਥਾਣਾ ਸਿਟੀ ਖਰੜ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ।
ਮੁੱਢਲੀ ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਦੋਵੇਂ ਮੁਲਜ਼ਮ ਚੋਰੀ ਅਤੇ ਖੋਹ ਦੀਆਂ ਵਾਰਦਾਤਾਂ ਵਿੱਚ ਵੀ ਸ਼ਾਮਲ ਹਨ ਅਤੇ ਉਨ੍ਹਾਂ ਵੱਲੋਂ ਨਾਜਾਇਜ਼ ਹਥਿਆਰ ਮੱਧ ਪ੍ਰਦੇਸ਼ ਤੋਂ ਪ੍ਰਾਪਤ ਕੀਤੇ ਗਏ ਸਨ। ਪੁਲਸ ਵੱਲੋਂ ਹਥਿਆਰਾਂ ਦੇ ਸਪਲਾਈ ਨੈੱਟਵਰਕ ਅਤੇ ਮੁਲਜ਼ਮਾਂ ਦੀਆਂ ਹੋਰ ਅਪਰਾਧਿਕ ਗਤੀਵਿਧੀਆਂ ਸਬੰਧੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।