ਦਿਨ-ਦਿਹਾੜੇ ਲੁਧਿਆਣਾ ''ਚ ਚੱਲੀਆਂ ਗੋਲੀਆਂ, ਆਸ-ਪਾਸ ਦੇ ਲੋਕਾਂ ''ਚ ਦਹਿਸ਼ਤ ਦਾ ਮਾਹੌਲ

ਦਿਨ-ਦਿਹਾੜੇ ਲੁਧਿਆਣਾ ''ਚ ਚੱਲੀਆਂ ਗੋਲੀਆਂ, ਆਸ-ਪਾਸ ਦੇ ਲੋਕਾਂ ''ਚ ਦਹਿਸ਼ਤ ਦਾ ਮਾਹੌਲ

ਲੁਧਿਆਣਾ ਦੇ ਦੁੱਗਰੀ ਨਗਰ ਇਲਾਕੇ 'ਚ ਮਾਮੂਲੀ ਗੱਲ ਨੂੰ ਲੈ ਕੇ ਹੋਏ ਝਗੜੇ ਮਗਰੋਂ ਦਿਨ-ਦਿਹਾੜੇ ਹਵਾਈ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਕਾਰਨ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ। ਜਾਣਕਾਰੀ ਮੁਤਾਬਕ ਪੁਲਸ ਨੂੰ ਦਿੱਤੇ ਗਏ ਬਿਆਨਾਂ 'ਚ ਸ਼ਿਕਾਇਤਕਰਤਾ ਇੰਦੂ ਬਾਲੀ ਨੇ ਦੱਸਿਆ ਕਿ 16 ਨਵੰਬਰ ਨੂੰ ਦੁਪਹਿਰ ਕਰੀਬ 2 ਵਜੇ ਉਹ ਆਪਣੇ ਕੰਮ 'ਤੇ ਮੌਜੂਦ ਸੀ ਅਤੇ ਉੱਥੇ ਉਨ੍ਹਾਂ ਦੇ ਵਰਕਰ ਵੀ ਕੰਮ ਕਰ ਰਹੇ ਸਨ। ਇਸ ਦੌਰਾਨ ਦੋਸ਼ੀ ਉੱਥੇ ਆ ਧਮਕੇ ਅਤੇ ਮਾਮੂਲੀ ਗੱਲ ਨੂੰ ਲੈ ਕੇ ਝਗੜਾ ਕਰਦੇ ਹੋਏ ਇੰਦੂ ਬਾਲੀ ਅਤੇ ਕੰਮ ਕਰ ਰਹੇ ਵਰਕਰਾਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਦੋਸ਼ੀਆਂ ਨੇ ਪੀੜਤਾ ਦੇ ਬੇਟੇ ਦਾ ਮਹਿੰਗਾ ਆਈਫੋਨ ਵੀ ਜ਼ਮੀਨ 'ਤੇ ਸੁੱਟ ਕੇ ਤੋੜ ਦਿੱਤਾ।

ਇਸ ਤੋਂ ਬਾਅਦ ਦੋਸ਼ੀਆਂ ਨੇ ਦਹਿਸ਼ਤ ਫੈਲਾਉਣ ਲਈ ਸ਼ਰੇਆਮ ਹਵਾਈ ਫਾਇਰ ਕੀਤੇ। ਦਿਨ-ਦਿਹਾੜੇ ਗੋਲੀਆਂ ਦੀ ਆਵਾਜ਼ ਗੂੰਜਣ ਨਾਲ ਆਸ-ਪਾਸ ਦੇ ਲੋਕਾਂ 'ਚ ਹਫੜਾ-ਦਫੜੀ ਮਚ ਗਈ ਅਤੇ ਖ਼ੌਫ਼ ਦਾ ਮਾਹੌਲ ਬਣ ਗਿਆ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਧਮਕੀਆਂ ਦਿੰਦੇ ਹੋਏ ਫ਼ਰਾਰ ਹੋ ਗਏ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਨੇ 4 ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਉਨ੍ਹਾਂ ਦੇ ਸੰਭਾਵਿਤ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।