- Updated: November 19, 2026 09:16 AM
ਅਮਰੀਕਾ ਵਿਚ ਵਿਦੇਸ਼ੀ ਮੁਲਾਜ਼ਮਾਂ ਲਈ ਰੁਜ਼ਗਾਰ ਆਧਾਰਤ ਗ੍ਰੀਨ ਕਾਰਡ ਦੇ ਨਿਯਮ ਹੋਰ ਸਖ਼ਤ ਕਰਨ ਦੀ ਤਿਆਰੀ ਹੈ। ਇਸ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਫਿਜ਼ੀਓਥੈਰੇਪਿਸਟਾਂ, ਨਰਸਾਂ ਅਤੇ ਬੇਹੱਦ ਹੁਨਰਮੰਦ ਪੇਸ਼ੇਵਰਾਂ ਸਮੇਤ ਵੱਖ-ਵੱਖ ਅਹੁਦਿਆਂ ’ਤੇ ਭਰਤੀ ਦੌਰਾਨ ਅਮਰੀਕੀ ਨਾਗਰਿਕਾਂ ਨੂੰ ਪਹਿਲ ਦਿਤੀ ਜਾਵੇ।
ਅਮਰੀਕਾ ਦੇ ਕਿਰਤ ਵਿਭਾਗ ਨੇ ਪ੍ਰੋਗਰਾਮ ਇਲੈਕਟਰਾਨਿਕ ਰਿਵਿਊ ਮੈਨੇਜਮੈਂਟ (ਪੀਈਆਰਐਮ) ਪਰਵਾਸੀ ਵੀਜ਼ਾ ਪ੍ਰਕਿਰਿਆ ਤਹਿਤ ਕਿਰਤ ਬਾਜ਼ਾਰ ਦੀ ਸਮੀਖਿਆ ਨਾਲ ਸਬੰਧਤ ਨਿਯਮਾਂ ਨੂੰ ਆਧੁਨਿਕ ਬਣਾਉਣ ਲਈ ਇਕ ਨਵੀਂ ਤਜਵੀਜ਼ ਪੇਸ਼ ਕੀਤੀ। ਪਿਛਲੇ 20 ਸਾਲਾਂ ਦੌਰਾਨ ਇਨ੍ਹਾਂ ਨਿਯਮਾਂ ਵਿਚ ਪਹਿਲੀ ਵਾਰ ਇੰਨੇ ਵੱਡੇ ਬਦਲਾਅ ਦੀ ਤਜਵੀਜ਼ ਰੱਖੀ ਗਈ ਹੈ।
ਪ੍ਰਸਤਾਵਿਤ ਤਬਦੀਲੀਆਂ ਤਹਿਤ ਰੁਜ਼ਗਾਰਦਾਤਾਵਾਂ ਨੂੰ ਵਿਦੇਸ਼ੀ ਮੁਲਾਜ਼ਮਾਂ ਨੂੰ ਧਿਆਨ ਵਿਚ ਰੱਖ ਕੇ ਨੌਕਰੀਆਂ ਦੇ ਮੌਕੇ ਤੈਅ ਕਰਨ ਜਾਂ ਉਨ੍ਹਾਂਅਨੁਸਾਰ ਇਸ਼ਤਿਹਾਰ ਤਿਆਰ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਨਵੀਂ ਤਜਵੀਜ਼ ਅਨੁਸਾਰ ਮੁਲਾਜ਼ਮਾਂ ਦੀ ਭਰਤੀ ਸਮੇਂ ਰੁਜ਼ਗਾਰਦਾਤਾਵਾਂ ਨੂੰ ਸਾਰੇ ਉਮੀਦਵਾਰਾਂ ਲਈ ਬਰਾਬਰ ਮੌਕੇ ਯਕੀਨੀ ਬਣਾਉਣੇ ਪੈਣਗੇ। ਇਸ ਲਈ ਨੌਕਰੀਆਂ ਦੇ ਇਸ਼ਤਿਹਾਰ ਦੇਣ ਵਾਸਤੇ ਸਾਰਿਆਂ ਲਈ ਇੱਕੋ ਜਿਹੇ ਸਾਧਨਾਂ ਅਤੇ ਤਰੀਕਿਆਂ ਦੀ ਵਰਤੋਂ ਕਰਨੀ ਹੋਵੇਗੀ।
ਇਸ ਤਜਵੀਜ਼ ਵਿਚ ਰਵਾਇਤੀ ਛਪਾਈ ਮਾਧਿਅਮਾਂ ਰਾਹੀਂ ਇਸ਼ਤਿਹਾਰ ਦੇਣ ਦੀ ਥਾਂ ਆਨਲਾਈਨ ਭਰਤੀ ਪ੍ਰਕਿਰਿਆ ਨੂੰ ਉਤਸ਼ਾਹਿਤ ਕਰਨ ਦੀ ਗੱਲ ਕਹੀ ਗਈ ਹੈ। ਇਸ ਤਹਿਤ ਕੰਪਨੀਆਂ ਦੀਆਂ ਵੈੱਬਸਾਈਟਾਂ, ਨੌਕਰੀਆਂ ਸਬੰਧੀ ਪੋਰਟਲਾਂ, ਸੋਸ਼ਲ ਮੀਡੀਆ ਮੰਚਾਂ, ਰੁਜ਼ਗਾਰ ਮੇਲਿਆਂ ਅਤੇ ਕਾਲਜਾਂ ਵਿਚ ਕੈਂਪਸ ਭਰਤੀ ਰਾਹੀਂ ਨੌਕਰੀਆਂ ਦੇ ਇਸ਼ਤਿਹਾਰ ਦੇਣਾ ਸ਼ਾਮਲ ਹੋਵੇਗਾ।
ਇਸ ਤੋਂ ਇਲਾਵਾ ਨੌਕਰੀ ਦੇ ਇਸ਼ਤਿਹਾਰ ਦੇਣ ਦੀ ਘੱਟੋ-ਘੱਟ ਮਿਆਦ ਮੌਜੂਦਾ 30 ਦਿਨਾਂ ਤੋਂ ਵਧਾ ਕੇ 90 ਕੈਲੰਡਰ ਦਿਨ ਕਰਨ ਦੀ ਤਜਵੀਜ਼ ਹੈ।ਰੁਜ਼ਗਾਰਦਾਤਾਵਾਂ ਨੂੰ ਇਹ ਵੀ ਸਾਬਤ ਕਰਨਾ ਪਵੇਗਾ ਕਿ ਉਨ੍ਹਾਂ ਨੇ ਯੋਗ ਅਮਰੀਕੀ ਮੁਲਾਜ਼ਮਾਂ ਦੀ ਭਰਤੀ ਲਈ ਅਸਲ ਵਿਚ ਗੰਭੀਰ ਯਤਨ ਕੀਤੇ ਹਨ। ਅਮਰੀਕਾ ਦੇ ਕਿਰਤ ਮੰਤਰੀ ਕੀਥ ਸੌਂਡਰਲਿੰਗ ਨੇ ਕਿਹਾ ਕਿ ਨਿਯਮਾਂ ’ਚ ਪ੍ਰਸਤਾਵਿਤ ਇਹ ਬਦਲਾਅ ਯਕੀਨੀ ਬਣਾਉਣਗੇ ਕਿ ਵਧੇਰੇ ਹੁਨਰ ਅਤੇ ਉੱਚੀਆਂ ਤਨਖ਼ਾਹਾਂ ਵਾਲੀਆਂ ਨੌਕਰੀਆਂ ਲਈ ਵਿਦੇਸ਼ੀ ਮੁਲਾਜ਼ਮਾਂ ਦੀ ਬਜਾਏ ਅਮਰੀਕੀ ਮੁਲਾਜ਼ਮਾਂ ਨੂੰ ਪਹਿਲ ਦਿੱਤੀ ਜਾਵੇ।