ਸਰਹੱਦੀ ਖੇਤਰ ’ਚੋਂ ਇੱਕ ਕਿੱਲੋ ਹੈਰੋਇਨ ਸਮੇਤ ਡਰੋਨ ਬਰਾਮਦ, ਸੁਰੱਖਿਆ ਏਜੰਸੀਆਂ ਵੱਲੋਂ ਜਾਂਚ ਸ਼ੁਰੂ

ਸਰਹੱਦੀ ਖੇਤਰ ’ਚੋਂ ਇੱਕ ਕਿੱਲੋ ਹੈਰੋਇਨ ਸਮੇਤ ਡਰੋਨ ਬਰਾਮਦ, ਸੁਰੱਖਿਆ ਏਜੰਸੀਆਂ ਵੱਲੋਂ ਜਾਂਚ ਸ਼ੁਰੂ

ਥਾਣਾ ਸਦਰ ਫ਼ਿਰੋਜ਼ਪੁਰ ਦੀ ਪੁਲਸ ਅਤੇ ਬੀ. ਐੱਸ. ਐੱਫ. ਦੀਆਂ ਟੀਮਾਂ ਵੱਲੋਂ ਦੋ ਵੱਖ-ਵੱਖ ਮਾਮਲਿਆਂ 'ਚ ਭਾਰੀ ਮਾਤਰਾ 'ਚ ਹੈਰੋਇਨ ਅਤੇ ਡਰੋਨ ਬਰਾਮਦ ਕਰਨ 'ਚ ਸਫ਼ਲਤਾ ਹਾਸਲ ਕੀਤੀ ਗਈ ਹੈ। ਥਾਣਾ ਸਦਰ ਫਿਰੋਜ਼ਪੁਰ ਦੀ ਪੁਲਸ ਨੇ ਇਕ ਬਾਏ ਨੇਮ ਤਸਕਰ ਅਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਕਮਰਸ਼ੀਅਲ ਤਹਿਤ ਮਾਮਲੇ ਦਰਜ ਕੀਤੇ ਹਨ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਕਾਰਵਾਈ ਬੀ. ਐੱਸ. ਐੱਫ. ਦੀ ਬੀ..ਓ..ਪੀ. ਚੌਂਕੀ ਕੱਸੋ ਕੇ ਦੇ ਅਸਿਸਟੈਂਟ ਕਮਾਂਡੈਂਟ ਰਾਜੇਸ਼ ਕੁਮਾਰ ਦੀ ਸੂਚਨਾ ਅਤੇ ਏ. ਡੀ. ਐੱਸ. ਵੈਨ ਕਰਮਚਾਰੀਆਂ ਨਾਲ ਮਿਲ ਕੇ ਪਿੰਡ ਕਿਲਚੇ ਦੇ ਖੇਤਾਂ ਵਿਚ ਕੀਤੇ ਗਏ ਸਾਂਝੇ ਸਰਚ ਆਪਰੇਸ਼ਨ ਦੌਰਾਨ ਅਮਲ 'ਚ ਲਿਆਂਦੀ ਗਈ। ਸਰਚ ਦੌਰਾਨ ਪੁਲਸ ਅਤੇ ਬੀ. ਐੱਸ. ਐੱਫ. ਨੂੰ ਇਕ ਸ਼ੱਕੀ ਪੈਕਟ ਮਿਲਿਆ, ਜਿਸ ਨੂੰ ਖੋਲ੍ਹਣ ’ਤੇ ਉਸ ਵਿੱਚੋਂ 1 ਕਿੱਲੋ 124 ਗ੍ਰਾਮ ਹੈਰੋਇਨ ਬਰਾਮਦ ਹੋਈ।

ਮੌਕੇ ਤੋਂ ਦੋ ਸ਼ੱਕੀ ਵਿਅਕਤੀ ਫ਼ਰਾਰ ਹੋਣ 'ਚ ਕਾਮਯਾਬ ਹੋ ਗਏ, ਜਿਨ੍ਹਾਂ ਵਿੱਚੋਂ ਇਕ ਦੀ ਪਛਾਣ ਐੱਸ. ਪੀ. ਸਿੰਘ ਪੁੱਤਰ ਸਵ. ਅਜੀਤ ਸਿੰਘ ਉਰਫ਼ ਹੈਪੀ ਵਾਸੀ ਪਿੰਡ ਗਣੇਸ਼ੇ ਕੇ ਝੁੱਗੇ ਵਜੋਂ ਹੋਈ ਹੈ, ਜਦੋਂ ਕਿ ਦੂਜਾ ਅਣਪਛਾਤਾ ਹੈ। ਮੌਕੇ ਤੋਂ ਦੋ ਮੋਬਾਈਲ ਫ਼ੋਨ ਆਈਫ਼ੋਨ 17 ਪ੍ਰੋ ਮੈਕਸ ਅਤੇ ਪੋਕੋ ਸੀ 85 ਐਕਸ ਵੀ ਬਰਾਮਦ ਕੀਤੇ ਗਏ ਹਨ। ਇਸ ਮਾਮਲੇ ਦੀ ਜਾਂਚ ਏ. ਐੱਸ. ਆਈ. ਹਰਮੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਥਾਣਾ ਸਦਰ ਫ਼ਿਰੋਜ਼ਪੁਰ ਦੇ ਸਹਾਇਕ ਥਾਣੇਦਾਰ ਸੁਖਬੀਰ ਸਿੰਘ ਨੂੰ ਗਸ਼ਤ ਦੌਰਾਨ ਸੂਚਨਾ ਮਿਲੀ ਸੀ ਕਿ ਪਿੰਡ ਭੱਖੜਾ ਅਤੇ ਝੁੱਗੇ ਹਜ਼ਾਰਾ ਸਿੰਘ ਦੇ ਵਿਚਕਾਰ ਡਰੋਨ ਗਤੀਵਿਧੀ ਹੋਈ ਹੈ। ਇਸ ਸੂਚਨਾ ’ਤੇ ਤੁਰੰਤ ਕਾਰਵਾਈ ਕਰਦਿਆਂ ਪੁਲਸ ਪਾਰਟੀ ਵੱਲੋਂ ਮੌਕੇ ’ਤੇ ਪਹੁੰਚ ਕੇ ਸਾਂਝਾ ਸਰਚ ਆਪਰੇਸ਼ਨ ਚਲਾਇਆ ਗਿਆ, ਜਿਸ ਦੌਰਾਨ ਇਕ ਪੈਕਿਟ ਵਿੱਚੋਂ 790 ਗ੍ਰਾਮ ਹੈਰੋਇਨ ਅਤੇ ਇਕ ਡਰੋਨ ਬਰਾਮਦ ਕੀਤਾ ਗਿਆ। ਇਸ ਮਾਮਲੇ ਵਿਚ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਤਫ਼ਤੀਸ਼ ਏ. ਐੱਸ. ਆਈ. ਸੁਖਬੀਰ ਸਿੰਘ ਵੱਲੋਂ ਜਾਰੀ ਹੈ।