ਪੰਜਾਬ ''ਚ ਚੱਲਦੀ ਫਾਰਚੂਨਰ ''ਤੇ ਵਰ੍ਹਾਈਆਂ ਗੋਲੀਆਂ, ਮੈਕਡੋਨਲਡਜ਼ ਨੇੜੇ ਵਾਪਰੀ ਵਾਰਦਾਤ ਨਾਲ ਇਲਾਕਾ ਕੰਬਿਆ 

ਪੰਜਾਬ ''ਚ ਚੱਲਦੀ ਫਾਰਚੂਨਰ ''ਤੇ ਵਰ੍ਹਾਈਆਂ ਗੋਲੀਆਂ, ਮੈਕਡੋਨਲਡਜ਼ ਨੇੜੇ ਵਾਪਰੀ ਵਾਰਦਾਤ ਨਾਲ ਇਲਾਕਾ ਕੰਬਿਆ 

ਸ਼ਹਿਰ ’ਚ ਮੰਗਲਵਾਰ ਸ਼ਾਮ ਮੋਟਰਸਾਈਕਲ ਸਵਾਰ ਦੋ ਹਮਲਾਵਰਾਂ ਨੇ ਚੱਲਦੀ ਫਾਰਚੂਨਰ ਗੱਡੀ ਨੂੰ ਨਿਸ਼ਾਨਾ ਬਣਾ ਕੇ ਦੋ ਗੋਲੀਆਂ ਚਲਾ ਦਿੱਤੀਆਂ। ਮੈਕਡੋਨਲਡਜ਼ ਨੇੜੇ ਸ਼ਤਾਬਗੜ੍ਹ ਨੂੰ ਜਾਣ ਵਾਲੀ ਸੜਕ ’ਤੇ ਵਾਪਰੀ ਵਾਰਦਾਤ ’ਚ ਗੱਡੀ ਸਵਾਰ ਤਿੰਨ ਵਿਅਕਤੀ ਵਾਲ-ਵਾਲ ਬਚ ਗਏ। ਗੋਲੀਆਂ ’ਚੋਂ ਇਕ ਗੱਡੀ ਦੇ ਅਗਲੇ ਸ਼ੀਸ਼ੇ ਅਤੇ ਦੂਜੀ ਸੱਜੇ ਪਾਸੇ ਪਿਛਲੇ ਹਿੱਸੇ ’ਚ ਲੱਗੀ। ਅਚਾਨਕ ਹੋਈ ਫਾਇਰਿੰਗ ਤੋਂ ਬਾਅਦ ਡਰਾਈਵਰ ਨੇ ਗੱਡੀ ਦੀ ਰਫ਼ਤਾਰ ਵਧਾ ਦਿੱਤੀ ਅਤੇ ਹਮਲਾਵਰਾਂ ਤੋਂ ਬਚਣ ਲਈ ਫਾਰਚੂਨਰ ਨੂੰ ਮੋਹਾਲੀ ਵੱਲ ਭਜਾ ਲਿਆ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਪੁਲਸ ਦੀ ਮੁੱਢਲੀ ਜਾਂਚ ’ਚ ਹਮਲੇ ਪਿੱਛੇ ਜ਼ਮੀਨੀ ਵਿਵਾਦ ਦੀ ਰੰਜਿਸ਼ ਹੋਣ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ। ਪੁਲਸ ਮੁਤਾਬਕ ਚੰਡੀਗੜ੍ਹ ਸੈਕਟਰ-15 ਵਾਸੀ ਅਸ਼ਵਿਨੰਦਨ ਆਪਣੀ ਮਾਤਾ ਨਾਲ ਫਾਰਚੂਨਰ ’ਚ ਸਵਾਰ ਸਨ।

ਗੱਡੀ ਉਨ੍ਹਾਂ ਦਾ ਡਰਾਈਵਰ ਚਲਾ ਰਿਹਾ ਸੀ। ਮੰਗਲਵਾਰ ਸ਼ਾਮ ਕਰੀਬ 7 ਵਜੇ ਉਹ ਮੈਕਡੋਨਲਡਜ਼ ਵਾਲੇ ਪਾਸਿਓਂ ਮੋਹਾਲੀ ਜਾਣ ਲਈ ਸ਼ਤਾਬਗੜ੍ਹ ਸੜਕ ਵੱਲ ਵੱਧ ਰਹੇ ਸਨ। ਇਸੇ ਦੌਰਾਨ ਮੋਟਰਸਾਈਕਲ ’ਤੇ ਆਏ ਦੋ ਨੌਜਵਾਨਾਂ ਨੇ ਉਨ੍ਹਾਂ ਦੀ ਗੱਡੀ ਨੂੰ ਨਿਸ਼ਾਨਾ ਬਣਾਉਂਦਿਆਂ ਦੋ ਫਾਇਰ ਕਰ ਦਿੱਤੇ। ਅਚਾਨਕ ਹੋਈ ਗੋਲੀਬਾਰੀ ਕਾਰਨ ਗੱਡੀ ’ਚ ਸਵਾਰ ਲੋਕਾਂ ’ਚ ਦਹਿਸ਼ਤ ਫੈਲ ਗਈ। ਡਰਾਈਵਰ ਨੇ ਹਮਲਾਵਰਾਂ ਦਾ ਸਾਹਮਣਾ ਕਰਨ ਦੀ ਬਜਾਏ ਗੱਡੀ ਦੀ ਰਫ਼ਤਾਰ ਵਧਾ ਦਿੱਤੀ ਅਤੇ ਮੋਹਾਲੀ ਵੱਲ ਨਿਕਲ ਗਿਆ। ਗੋਲੀਆਂ ਲੱਗਣ ਕਾਰਨ ਫਾਰਚੂਨਰ ਦੇ ਅਗਲੇ ਸ਼ੀਸ਼ੇ ਅਤੇ ਸੱਜੇ ਪਾਸੇ ਪਿਛਲੇ ਹਿੱਸੇ ’ਤੇ ਨਿਸ਼ਾਨ ਪਏ ਹਨ।

ਪੁਲਸ ਦੀ ਮੁੱਢਲੀ ਜਾਂਚ ’ਚ ਇਸ ਵਾਰਦਾਤ ਪਿੱਛੇ ਜ਼ਮੀਨੀ ਝਗੜੇ ਨਾਲ ਜੁੜੀ ਪੁਰਾਣੀ ਰੰਜਿਸ਼ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਗੋਲੀਆਂ ਚਲਾਉਣ ਦੇ ਅਸਲ ਕਾਰਨਾਂ ਬਾਰੇ ਅਜੇ ਤੱਕ ਪੁਸ਼ਟੀ ਨਹੀਂ ਹੋਈ। ਪੁਲਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਹਮਲਾਵਰਾਂ ਨੇ ਪਹਿਲਾਂ ਤੋਂ ਯੋਜਨਾ ਬਣਾ ਕੇ ਗੱਡੀ ਨੂੰ ਨਿਸ਼ਾਨਾ ਬਣਾਇਆ ਜਾਂ ਇਸ ਪਿੱਛੇ ਕੋਈ ਹੋਰ ਕਾਰਨ ਸੀ।

ਸ਼ਹਿਰ ਦੀ ਮੁੱਖ ਸੜਕ ’ਤੇ ਸ਼ਾਮ ਦੇ ਸਮੇਂ ਸ਼ਰੇਆਮ ਗੋਲੀਆਂ ਚੱਲਣ ਦੀ ਘਟਨਾ ਨੇ ਸੁਰੱਖਿਆ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਰਿਹਾਇਸ਼ੀ ਇਲਾਕਿਆਂ ਤੇ ਮੁੱਖ ਸੜਕਾਂ ਨੂੰ ਜੋੜਨ ਵਾਲੇ ਰਸਤੇ ’ਤੇ ਅਜਿਹੀ ਵਾਰਦਾਤ ਨਾਲ ਆਮ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਚਿੰਤਾ ਵਧੀ ਹੈ। ਪੁਲਸ ਸਾਹਮਣੇ ਹੁਣ ਮੋਟਰਸਾਈਕਲ ਸਵਾਰ ਦੋਵੇਂ ਹਮਲਾਵਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਚੁਣੌਤੀ ਹੈ।