- Updated: November 18, 2026 09:38 AM
ਸ਼ਹਿਰ ਦੇ ਨਿਉੂ ਮੋਤੀ ਬਾਗ ਪੈਲੇਸ ਕੋਲ ਗਉੂ-ਵੱਛਾ ਚੌਕ ਕੋਲ ਇਕ ਘਰ ’ਚ ਮਾਮੂਲੀ ਬਹਿਸ ਤੋਂ ਬਾਅਦ ਦੋਸਤ ਨੇ ਆਪਣੇ ਦੋਸਤ ਨੂੰ ਗੋਲੀ ਮਾਰ ਦਿੱਤੀ, ਜਿਸ ਨੂੰ ਜ਼ਖਮੀ ਹਾਲਤ ’ਚ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਰਜਤ ਸ਼ਰਮਾ ਉਰਫ ਤਾਸ਼ੂ ਪੁੱਤਰ ਨਰੇਸ਼ ਸ਼ਰਮਾ ਵਾਸੀ ਕ੍ਰਿਸ਼ਨਾ ਗਲੀ ਨਾਭਾ ਗੇਟ ਪਟਿਆਲਾ ਵਜੋਂ ਹੋਈ। ਕਾਤਲ ਦਾ ਨਾਂ ਚਮਕੌਰ ਸਿੰਘ ਵਾਸੀ ਪਿੰਡ ਚੱਠਾ ਨੇੜੇ ਪਾਤੜਾਂ ਦੱਸਿਆ ਜਾ ਰਿਹਾ ਹੈ। ਉਸ ਨੂੰ ਥਾਣਾ ਸਿਵਲ ਲਾਈਨ ਦੀ ਪੁਲਸ ਨੇ ਐੱਸ. ਐੱਚ. ਓ. ਇੰਸਪੈਕਟਰ ਜਸਪ੍ਰੀਤ ਸਿੰਘ ਕਾਹਲੋਂ ਦੀ ਅਗਵਾਈ ਹੇਠ ਕੁਝ ਘੰਟਿਆਂ ’ਚ ਹੀ ਗ੍ਰਿਫਤਾਰ ਕਰ ਲਿਆ।
ਜਾਣਕਾਰੀ ਮੁਤਾਬਕ ਚਮਕੌਰ ਸਿੰਘ ਅਤੇ ਰਜਤ ਸ਼ਰਮਾ ਉਰਫ ਤਾਸ਼ੂ ਦੋਵੇਂ ਦੋਸਤ ਸਨ। ਬੀਤੀ ਰਾਤ ਵੀ ਦੋਨੋਂ ਇਕੱਠੇ ਸਨ ਅਤੇ ਕਿਸੇ ਗੱਲ ਨੂੰ ਲੈ ਕੇ ਦੋਨਾਂ ’ਚ ਮਾਮੂਲੀ ਬਹਿਸ ਹੋ ਗਈ ਅਤੇ ਚਮਕੌਰ ਨੇ ਆਪਣੀ ਪਿਸਤੌਲ ਕੱਢ ਕੇ ਰਜਤ ਸ਼ਰਮਾ ਦੇ ਪੇਟ ’ਚ ਗੋਲੀ ਮਾਰ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਿਆ। ਰਜਤ ਸ਼ਰਮਾ ਨੂੰ ਜ਼ਖਮੀ ਹਾਲਤ ’ਚ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਰਜਤ ਸ਼ਰਮਾ ਦਾ ਕੁਝ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਉਸ ਦਾ ਇਕ 4 ਸਾਲ ਦਾ ਬੇਟਾ ਹੈ।
ਇੰਸਪੈਕਟਰ ਜਸਪ੍ਰੀਤ ਸਿੰਘ ਕਾਹਲੋਂ ਨੇ ਕਿਹਾ ਕਿ ਇਸ ਮਾਮਲੇ ’ਚ ਚਮਕੌਰ ਸਿੰਘ ਨੂੰ ਪੁਲਸ ਨੇ ਕੁਝ ਘੰਟਿਆਂ ’ਚ ਹੀ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ।