- Updated: November 18, 2026 04:40 PM
ਕੈਨੇਡਾ ਦੀ ਪੀਲ ਰੀਜਨਲ ਪੁਲਸ ਨੇ ਗੱਡੀਆਂ ਚੋਰੀ ਕਰ ਕੇ ਵਿਦੇਸ਼ ਭੇਜਣ ਵਾਲੇ ਇਕ ਕੌਮਾਂਤਰੀ ਗਿਰੋਹ ਨੂੰ ਕਾਬੂ ਕੀਤਾ ਹੈ। ਪੁਲਸ ਨੇ ਇਸ ਮਾਮਲੇ ’ਚ ਦੋ ਪੰਜਾਬੀ ਮੂਲ ਦੇ ਵਿਅਕਤੀਆਂ ਸਮੇਤ 12 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ ਚੋਰੀ ਦੀਆਂ 96 ਮਹਿੰਗੀਆਂ ਗੱਡੀਆਂ ਬਰਾਮਦ ਕੀਤੀਆਂ ਗਈਆਂ ਹਨ। ਇਨ੍ਹਾਂ ਦੀ ਕੁੱਲ ਕੀਮਤ ਕਰੀਬ 45 ਲੱਖ ਕੈਨੇਡੀਅਨ ਡਾਲਰ ਮਿੱਥੀ ਗਈ ਹੈ। ਇਸ ਜਾਂਚ ਦੀ ਸ਼ੁਰੂਆਤ ਮਾਰਚ 2026 ਵਿਚ ਹੋਈ ਸੀ। ਪੀਲ ਰੀਜਨਲ ਪੁਲਸ ਅਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ ਚਲਾਈ ਗਈ ਇਸ ਮੁਹਿੰਮ ਨੂੰ ‘ਪ੍ਰਾਜੈਕਟ ਕੈਡੇਟਾ’ ਨਾਂ ਦਿੱਤਾ ਗਿਆ ਸੀ। ਸਭ ਤੋਂ ਪਹਿਲਾਂ ਜਾਂਚ ਏਜੰਸੀਆਂ ਦੀ ਨਜ਼ਰ ਬਰੈਂਪਟਨ ਦੇ ਇਕ ਗੁਦਾਮ ’ਤੇ ਪਈ, ਜਿੱਥੇ ਚੋਰੀ ਦੀਆਂ ਗੱਡੀਆਂ ਨੂੰ ਲਿਆ ਕੇ ਲੁਕਾਇਆ ਜਾਂਦਾ ਸੀ।
ਮੁਲਜ਼ਮ ਇਨ੍ਹਾਂ ਚੋਰੀ ਦੀਆਂ ਗੱਡੀਆਂ ਨੂੰ ਵੱਡੇ ਸ਼ਿਪਿੰਗ ਕੰਟੇਨਰਾਂ ਵਿਚ ਭਰਦੇ ਸਨ। ਇਸ ਤੋਂ ਬਾਅਦ ਕੈਨੇਡਾ ਦੀਆਂ ਬੰਦਰਗਾਹਾਂ ਦੇ ਰਸਤੇ ਇਨ੍ਹਾਂ ਨੂੰ ਪੱਛਮੀ ਅਫ਼ਰੀਕੀ ਦੇਸ਼ਾਂ ਵਿਚ ਵੇਚਣ ਲਈ ਭੇਜ ਦਿੱਤਾ ਜਾਂਦਾ ਸੀ। ਜਾਂਚ ਜਿਵੇਂ-ਜਿਵੇਂ ਅੱਗੇ ਵਧੀ, ਗ੍ਰੇਟਰ ਟੋਰਾਂਟੋ ਏਰੀਆ ਅਤੇ ਆਲੇ-ਦੁਆਲੇ ਦੇ ਇਲਾਕਿਆਂ ’ਚ ਫੈਲੇ ਇਸ ਵੱਡੇ ਨੈੱਟਵਰਕ ਦੀਆਂ ਪਰਤਾਂ ਖੁੱਲ੍ਹਣ ਲੱਗੀਆਂ। ਪੁਲਸ ਮੁਤਾਬਕ, ਗਿਰੋਹ ਦੇ ਪੰਜ ਮੁੱਖ ਮੁਲਜ਼ਮ ਗੱਡੀਆਂ ਚੋਰੀ ਕਰਨ, ਉਨ੍ਹਾਂ ਨੂੰ ਇਕ ਥਾਂ ਤੋਂ ਦੂਜੀ ਥਾਂ ਲਿਜਾਣ ਅਤੇ ਵਿਦੇਸ਼ ਭੇਜਣ ਦਾ ਪੂਰਾ ਕੰਮ ਸੰਭਾਲਦੇ ਸਨ। ਬਾਕੀ ਮੈਂਬਰ ਗੱਡੀਆਂ ਨੂੰ ਵੱਖ-ਵੱਖ ਟਿਕਾਣਿਆਂ ਤੱਕ ਪਹੁੰਚਾਉਣ ’ਚ ਉਨ੍ਹਾਂ ਦੀ ਮਦਦ ਕਰਦੇ ਸਨ।