ਕਾਂਗਰਸ ''ਚ ਕੈਪਟਨ ਦੀ ਵਾਪਸੀ ਦੀਆਂ ਅਟਕਲਾਂ ''ਤੇ ਬੋਲੇ ਪਰਨੀਤ ਕੌਰ

ਕਾਂਗਰਸ ''ਚ ਕੈਪਟਨ ਦੀ ਵਾਪਸੀ ਦੀਆਂ ਅਟਕਲਾਂ ''ਤੇ ਬੋਲੇ ਪਰਨੀਤ ਕੌਰ

ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ 'ਚ ਵਾਪਸੀ ਦੀਆਂ ਚੱਲ ਰਹੀਆਂ ਅਟਕਲਾਂ ਨੂੰ ਪਰਨੀਤ ਕੌਰ ਨੇ ਸਿਰੇ ਤੋਂ ਖਾਰਜ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਉਹ ਸਾਰੇ ਭਾਜਪਾ 'ਚ ਹਨ ਅਤੇ ਭਾਜਪਾ 'ਚ ਹੀ ਰਹਿਣਗੇ। ਉਨ੍ਹਾਂ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਹੀ ਸਪੱਸ਼ਟ ਬੋਲ ਦਿੱਤਾ ਹੈ ਕਿ ਉਹ ਵਾਰ-ਵਾਰ ਫ਼ੈਸਲੇ ਨਹੀਂ ਲੈਂਦੇ ਅਤੇ ਆਪਣੇ ਫ਼ੈਸਲੇ ਤੋਂ ਪਿੱਛੇ ਨਹੀਂ ਹਟਣਗੇ, ਇਸ ਲਈ ਇਹ ਮੁੱਦਾ ਹੁਣ ਪੂਰੀ ਤਰ੍ਹਾਂ ਬੰਦ ਹੋ ਚੁੱਕਾ ਹੈ।

ਵਿਦੇਸ਼ਾਂ 'ਚ ਜਾ ਕੇ ਸਿਆਸੀ ਬਿਆਨਬਾਜ਼ੀ ਕਰਨ ਬਾਰੇ ਬੋਲਦਿਆਂ ਪਰਨੀਤ ਕੌਰ ਨੇ ਕਿਹਾ ਕਿ ਜਿਨ੍ਹਾਂ ਨੇ ਵੀ ਪਾਲੀਟੀਕਲ ਆਊਟਰੀਚ ਕਰਨੀ ਹੈ, ਉਹ ਭਾਰਤ ਦੇ ਅੰਦਰ ਹੀ ਕਰਨ। ਉਨ੍ਹਾਂ ਕਿਹਾ ਕਿ ਬਾਹਰੋਂ ਇਥੇ ਸਿਆਸੀ ਅਸਥਿਰਤਾ ਪੈਦਾ ਕਰਨੀ ਜਾਂ ਸਿਆਸੀ ਲਾਹਾ ਲੱਭਣ ਦੀ ਕੋਸ਼ਿਸ਼ ਕਰਨ ਦਾ ਕੋਈ ਮਤਲਬ ਨਹੀਂ ਹੈ। ਉਨ੍ਹਾਂ ਕਿਹਾ ਕਿ ਆਪਣੇ ਦੇਸ਼ ਦੇ ਅੰਦਰ ਸਭ ਨੂੰ ਆਪਣੀ ਪਾਰਟੀ ਦੀ ਗੱਲ ਕਰਨ ਦਾ ਪੂਰਾ ਹੱਕ ਹੈ ਪਰ ਇਕ ਅਣਲਿਖਿਆ ਨਿਯਮ ਹੈ ਕਿ ਆਪਣੇ ਦੇਸ਼ ਦੀ ਵਿਦੇਸ਼ਾਂ 'ਚ ਬਦਨਾਮੀ ਨਹੀਂ ਹੋਣੀ ਚਾਹੀਦੀ।

ਕੈਪਟਨ ਅਮਰਿੰਦਰ ਸਿੰਘ ਦੇ ਸੋਨੀਆ ਗਾਂਧੀ ਦੇ ਪ੍ਰੋਗਰਾਮ 'ਚ ਜਾਣ ਅਤੇ ਕਾਂਗਰਸ 'ਚ ਵਾਪਸੀ ਬਾਰੇ ਚਰਨਜੀਤ ਸਿੰਘ ਚੰਨੀ ਵੱਲੋਂ ਕੀਤੀ ਗਈ ਬਿਆਨਬਾਜ਼ੀ ਦਾ ਜਵਾਬ ਦਿੰਦਿਆਂ ਪਰਨੀਤ ਕੌਰ ਨੇ ਤਿੱਖਾ ਪਲਟਵਾਰ ਕੀਤਾ। ਚੰਨੀ ਵੱਲੋਂ ਈ. ਡੀ. ਕੇਸਾਂ ਦਾ ਹਵਾਲਾ ਦੇ ਕੇ ਕੀਤੇ ਤੰਜ 'ਤੇ ਪਰਨੀਤ ਕੌਰ ਨੇ ਕਿਹਾ ਕਿ ਚਰਨਜੀਤ ਚੰਨੀ ਸਾਡੀ ਚਿੰਤਾ ਛੱਡ ਕੇ ਆਪਣੇ ਈ. ਡੀ. ਕੇਸਾਂ ਦੀ ਚਿੰਤਾ ਕਰਨ।

ਪਰਨੀਤ ਕੌਰ ਨੇ ਆਖਿਆ ਕਿ ਉਹ ਸਾਰੇ ਭਾਜਪਾ ਦਾ ਕੰਮ ਕਰ ਰਹੇ ਹਨ। ਸੂਬੇ 'ਚ ਭਾਜਪਾ ਦੇ ਭਵਿੱਖ ਬਾਰੇ ਗੱਲ ਕਰਦਿਆਂ ਉਨ੍ਹਾਂ ਪੂਰਾ ਭਰੋਸਾ ਪ੍ਰਗਟਾਇਆ ਕਿ ਇਸ ਵਾਰ ਭਾਜਪਾ ਸਰਕਾਰ ਬਣਾਉਣ 'ਚ ਸਫ਼ਲ ਹੋਵੇਗੀ।