ਰੰਜਿਸ਼ ਕਾਰਨ ਪੰਚਾਇਤ ਮੈਂਬਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ

ਰੰਜਿਸ਼ ਕਾਰਨ ਪੰਚਾਇਤ ਮੈਂਬਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ

ਥਾਣਾ ਬੱਧਨੀ ਕਲਾਂ ਅਧੀਨ ਪੈਂਦੇ ਪਿੰਡ ਰਾਉਕੇ ਕਲਾਂ ਵਿਖੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਗੁਰਚਰਨ ਸਿੰਘ ਪੰਚਾਇਤ ਮੈਂਬਰ ’ਤੇ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਖ਼ਮੀ ਨੂੰ ਇਲਾਜ ਲਈ ਹਸਪਤਾਲ ਵਿਚ ਦਾਖ਼ਲ ਕਰਵਾਉਣਾ ਪਿਆ। ਇਸ ਸਬੰਧੀ ਪੁਲਸ ਵੱਲੋਂ ਕਥਿਤ ਮੁਲਜ਼ਮ ਅਵਤਾਰ ਸਿੰਘ ਉਰਫ਼ ਰਿੰਟੂ ਵਾਸੀ ਪਿੰਡ ਰਾਉਕੇ ਕਲਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਥਾਣੇਦਾਰ ਸਤਨਾਮ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਪੁਲਸ ਸੂਤਰਾਂ ਅਨੁਸਾਰ ਗੁਰਚਰਨ ਸਿੰਘ ਨੇ ਆਪਣੇ ਬਿਆਨਾਂ ਵਿਚ ਦੱਸਿਆ ਕਿ ਉਹ ਆਪਣੇ ਭਤੀਜੇ ਸਤਨਾਮ ਸਿੰਘ ਨਾਲ ਪਿੰਡ ਵਿਚ ਸਥਿਤ ਵੇਰਕਾ ਡੇਅਰੀ ’ਤੇ ਦੁੱਧ ਪਾ ਕੇ ਵਾਪਸ ਘਰ ਆ ਰਹੇ ਸਨ ਜਦੋਂ ਉਹ ਰਸਤੇ ਵਿਚ ਜਾ ਰਹੇ ਸਨ ਤਾਂ ਕਥਿਤ ਮੁਲਜ਼ਮ ਅਵਤਾਰ ਸਿੰਘ ਉਰਫ਼ ਰਿੰਟੂ, ਜੋ ਹਥਿਆਰਾਂ ਨਾਲ ਲੈਸ ਸੀ, ਨੇ ਉਸ ’ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ।

ਸ਼ਿਕਾਇਤਕਰਤਾ ਨੇ ਦੱਸਿਆ ਕਿ ਕਰੀਬ ਪੰਜ ਮਹੀਨੇ ਪਹਿਲਾਂ ਕਥਿਤ ਮੁਲਜ਼ਮ ਅਵਤਾਰ ਸਿੰਘ ਨੇ ਪਿੰਡ ਦੀ ਸ਼ਾਮਲਾਟ ਜ਼ਮੀਨ ਵਿਚ ਪਸ਼ੂਆਂ ਲਈ ਮੱਕੀ ਦਾ ਅਚਾਰ ਪਾਇਆ ਸੀ। ਇਸ ਗੱਲ ਦਾ ਪਿੰਡ ਦੀ ਪੰਚਾਇਤ ਵੱਲੋਂ ਵਿਰੋਧ ਕੀਤਾ ਗਿਆ ਸੀ। ਉਸ ਸਮੇਂ ਉਹ ਵੀ ਪੰਚਾਇਤ ਮੈਂਬਰ ਸੀ। ਇਸੇ ਪੁਰਾਣੀ ਰੰਜਿਸ਼ ਨੂੰ ਲੈ ਕੇ ਕਥਿਤ ਮੁਲਜ਼ਮ ਨੇ ਉਸ ’ਤੇ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਪੁਲਸ ਵੱਲੋਂ ਸ਼ਿਕਾਇਤ ਦੇ ਆਧਾਰ ’ਤੇ ਕਥਿਤ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਅਨੁਸਾਰ ਮੁਲਜ਼ਮ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।