ਕ੍ਰਿਕਟ ਦੇ ਸਾਰੇ ਫਾਰਮੈਟਸ ਤੋਂ ਮੋਰਗਨ ਨੇ ਲਿਆ ਸੰਨਿਆਸ। 

 ਕ੍ਰਿਕਟ ਦੇ ਸਾਰੇ ਫਾਰਮੈਟਸ ਤੋਂ ਮੋਰਗਨ ਨੇ ਲਿਆ ਸੰਨਿਆਸ। 

ਇੰਗਲੈਂਡ ਨੂੰ 2019 ਵਿਸ਼ਵ ਕੱਪ ਜਿਤਾਉਣ ਵਾਲੇ ਇਯੋਨ ਮੋਰਗਨ ਨੇ ਸੋਮਵਾਰ ਨੂੰ ਖੇਡ ਦੇ ਸਾਰੇ ਸਵਰੂਪਾਂ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਮੋਰਗਨ ਨੇ ਹਾਲ ਹੀ ਵਿਚ ਖਤਮ ਹੋਈ ਐੱਸ. ਏ.-20 ਲੀਗ ਵਿਚ ਪਾਰਲ ਰਾਇਲਜ਼ ਦੀ ਪ੍ਰਤੀਨਿਧਤਾ ਕਰਦੇ ਹੋਏ ਸੱਤ ਮੈਚ ਖੇਡੇ ਸਨ। ਮੋਰਗਨ ਨੇ ਕਿਹਾ, ‘‘ਮੈਂ ਬੇਹੱਦ ਮਾਣ ਨਾਲ ਕ੍ਰਿਕਟ ਦੇ ਸਾਰੇ ਸਵਰੂਪਾਂ ਤੋਂ ਸੰਨਿਆਸ ਦਾ ਐਲਾਨ ਕਰਦਾ ਹਾਂ। ਕਾਫੀ ਸੋਚ-ਵਿਚਾਰ ਕਰਨ ਤੋਂ ਬਾਅਦ ਮੇਰਾ ਮੰਨਣਾ ਹੈ ਕਿ ਹੁਣ ਉਸ ਦਾ ਖੇਡ ਤੋਂ ਦੂਰ ਜਾਣ ਦਾ ਸਹੀ ਸਮਾਂ ਹੈ, ਜਿਸ ਨੇ ਬੀਤੇ ਸਾਲਾਂ ਵਿਚ ਇੰਨਾ ਕੁਝ ਦਿੱਤਾ ਹੈ। ਸਾਲ 2005 ਵਿਚ ਇੰਗਲੈਂਡ ਆਉਣ ਤੋਂ ਲੈ ਕੇ ਮਿਡਲਸੈਕਸ ਨਾਲ ਜੁੜਨ ਤਕ ਤੇ ਐੱਸ. ਏ.20 ਵਿਚ ਪਾਰਲ ਰਾਇਲਜ਼ ਲਈ ਖੇਡਣ ਤਕ, ਮੈਂ ਹਮੇਸ਼ਾ ਖੇਡ ਦਾ ਮਜ਼ਾ ਲਿਆ।’’ ਮੋਰਗਨ ਨੇ ਆਪਣੇ ਕੌਮਾਂਤਰੀ ਕਰੀਅਰ ਦੀ ਸ਼ੁਰੂਆਤ ਆਇਰਲੈਂਡ ਲਈ 2006 ਵਿਚ ਸਕਾਟਲੈਂਡ ਵਿਰੁੱਧ ਕੀਤੀ ਸੀ। ਆਪਣੇ ਡੈਬਿਊ ਵਨ ਡੇ ਮੈਚ ਵਿਚ 99 ਦੌੜਾਂ ਬਣਾਉਣ ਤੋਂ ਬਾਅਦ ਉਸ ਨੂੰ ਅਗਲੇ ਸਾਲ ਹੋਏ ਵਿਸ਼ਵ ਕੱਪ ਲਈ ਵੀ ਟੀਮ ਵਿਚ ਸ਼ਾਮਲ ਕੀਤਾ ਗਿਆ, ਹਾਲਾਂਕਿ ਇੱਥੇ 21 ਸਾਲਾ ਖੱਬੂ ਬੱਲੇਬਾਜ਼ ਪ੍ਰਭਾਵਸ਼ਾਲੀ ਪ੍ਰਦਰਸ਼ਨ ਨਹੀਂ ਕਰ ਸਕਿਆ। ਮੋਰਗਨ ਨੇ ਦੱਖਣੀ ਅਫਰੀਕਾ ਦੇ ਦੌਰ ’ਤੇ ਇੰਗਲੈਂਡ ਲਾਇਨਜ਼ ਲਈ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਇੰਗਲੈਂਡ ਕ੍ਰਿਕਟ ਬੋਰਡ (ਈ. ਸੀ. ਬੀ.) ਦਾ ਧਿਆਨ ਆਪਣੇ ਵੱਲ ਖਿੱਚਿਆ, ਜਿਸ ਤੋਂ ਬਾਅਦ ਉਸ ਨੂੰ ਟੀ-20 ਵਿਸ਼ਵ ਕੱਪ 2007 ਦੀ 15 ਮੈਂਬਰੀ ਸਕੁਐਡ ਵਿਚ ਸ਼ਾਮਲ ਕੀਤਾ ਗਿਆ। ਇਸ ਘਟਨਾ ਦੇ ਕਾਰਨ ਮੋਰਗਨ ਨੇ ਆਇਰਲੈਂਡ ਦਾ ਸਾਥ ਛੱਡ ਦਿੱਤਾ। 

                                           Image

ਉਸ ਨੇ ਕਿਹਾ,‘‘ਜਿਵੇਂ ਕਿ ਹਰ ਖਿਡਾਰੀ ਦੇ ਕਰੀਅਰ ਵਿਚ ਹੁੰਦਾ ਹੈ, ਮੇਰੇ ਕਰੀਅਰ ਵਿਚ ਵੀ ਉਤਾਰ-ਚੜਾਅ ਆਏ ਪਰ ਮੇਰਾ ਪਰਿਵਾਰ ਤੇ ਮੇਰੇ ਦੋਸਤ ਹਮੇਸ਼ਾ ਮੇਰੇ ਨਾਲ ਰਹੇ। ਮੈਂ ਖਾਸ ਤੌਰ ’ਤੇ ਆਪਣੀ ਪਤਨੀ ਤਾਰਾ, ਆਪਣੇ ਪਰਿਵਾਰ ਤੇ ਨੇੜਲੇ ਦੋਸਤਾਂ ਨੂੰ ਧੰਨਵਾਦ ਦੇਣਾ ਚਾਹਾਂਗਾ, ਜਿਨ੍ਹਾਂ ਨੇ ਹਰ ਹਾਲ ਵਿਚ ਮੇਰਾ ਸਾਥ ਦਿੱਤਾ।’’ ਮੋਰਗਨ ਨੇ ਜੂਨ 2022 ਵਿਚ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹਿਣ ਤੋਂ ਪਹਿਲਾਂ 379 ਕੌਮਾਂਤਰੀ ਮੈਚ ਖੇਡੇ। ਇੰਗਲੈਂਡ ਨੇ ਮੋਰਗਨ ਦੀ ਕਪਤਾਨੀ ਵਿਚ ਹੀ 2019 ਵਿਚ ਆਪਣਾ ਪਹਿਲਾ ਵਨ ਡੇ ਵਿਸ਼ਵ ਕੱਪ ਵੀ ਜਿੱਤਿਆ। ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਮੋਰਗਨ ਨੇ ਫ੍ਰੈਂਚਾਈਜ਼ੀ ਕ੍ਰਿਕਟ ਖੇਡਣੀ ਜਾਰੀ ਰੱਖੀ। ਉਸ ਨੇ ਦੁਨੀਆ ਭਰ ਦੀਆ ਵੱਖ-ਵੱਖ ਲੀਗਾਂ ਵਿਚ ਕੁਲ 374 ਟੀ-20 ਮੁਕਾਬਲੇ ਖੇਡੇ।