ਪਹਿਲੇ ਦਸਤਾਰਧਾਰੀ ਸਿੱਖ ਲੈਫਟੀਨੈਂਟ ਕਰਨਲ ਡਾ. ਤੇਜਦੀਪ ਸਿੰਘ ਅਮਰੀਕੀ ਫ਼ੌਜ ’ਚ ਲੜਨਗੇ ਚੋਣ

 ਪਹਿਲੇ ਦਸਤਾਰਧਾਰੀ ਸਿੱਖ ਲੈਫਟੀਨੈਂਟ ਕਰਨਲ ਡਾ. ਤੇਜਦੀਪ ਸਿੰਘ ਅਮਰੀਕੀ ਫ਼ੌਜ ’ਚ ਲੜਨਗੇ ਚੋਣ

ਅਮਰੀਕੀ ਫ਼ੌਜ ਦੇ ਪਹਿਲੇ ਦਸਤਾਰਧਾਰੀ ਸਿੱਖ ਲੈਫਟੀਨੈਂਟ ਕਰਨਲ ਡਾ. ਤੇਜਦੀਪ ਸਿੰਘ ਨੇ ਕੈਲੀਫੋਰਨੀਆ ਤੋਂ ਚੋਣ ਲੜਨ ਦਾ ਐਲਾਨ ਕੀਤਾ ਹੈ। ਦੱਸ ਦੇਈਏ ਕਿ ਲੈਫਟੀਨੈਂਟ ਕਰਨਲ ਡਾ. ਤੇਜਦੀਪ ਸਿੰਘ ਰਤਨ 2009 ਵਿਚ ਅਮਰੀਕੀ ਫ਼ੌਜ ਵਿਚ ਸਿੱਖ ਵਜੋਂ ਭਰਤੀ ਹੋਣ ਦੀ ਇਜਾਜ਼ਤ ਲੈਣ ਲਈ ਦਸਤਾਰ ਪਹਿਨਣ ਵਾਲੇ ਪਹਿਲੇ ਪ੍ਰਮਾਣਿਤ ਸਿੱਖ ਹਨ। ਉਹ ਹੁਣ ਮਾਊਨਟੇਨ ਵਿਚ ਮਾਰਚ 2024 ਦੀਆਂ ਨਗਰ ਕੌਂਸਲ ਚੋਣਾਂ ਵਿਚ ਹਿੱਸਾ ਲੈ ਰਹੇ ਹਨ।

ਉਨ੍ਹਾਂ ਐਲਾਨ ਕੀਤਾ ਹੈ ਕਿ ਕੌਂਸਲ ਦੇ 4 ਮੈਂਬਰ ਚੁਣਨ ਲਈ ਕੁੱਲ 8 ਉਮੀਦਵਾਰ ਮੈਦਾਨ ਵਿਚ ਹਨ ਅਤੇ ਇਨ੍ਹਾਂ ਵਿਚੋਂ ਕੇਵਲ ਡਾ. ਤੇਜਦੀਪ ਸਿੰਘ ਰਤਨ ਪੰਜਾਬੀ ਭਾਈਚਾਰੇ ਨਾਲ ਸਬੰਧਤ ਹਨ। ਸ਼ਹਿਰ ਵਾਸੀ ਇਸ ਚੋਣ ਲਈ 5 ਫਰਵਰੀ ਤੋਂ 5 ਮਾਰਚ, 2024 ਤਕ ਵੋਟ ਪਾ ਸਕਦੇ ਹਨ।

ਡਾ. ਤੇਜਦੀਪ ਰਤਨ ਨੇ ਸਾਲ 2015 ਵਿਚ ਅਪਣੀ ਫੌਜੀ ਸੇਵਾ ਦੀ ਸਮਾਪਤੀ ਤੋਂ ਬਾਅਦ ਮਾਊਨਟੇਨ ਹਾਊਸ ਸ਼ਹਿਰ ਵਿਖੇ ਅਪਣਾ ਘਰ ਖਰੀਦਿਆ ਜਿਥੇ ਉਹ ਅਪਣੀ ਪਤਨੀ ਜਸਜੀਤ ਕੌਰ ਅਤੇ ਦੋ ਬੱਚਿਆਂ ਦੇ ਨਾਲ ਰਹਿੰਦੇ ਹਨ। ਉਹ ਦੰਦਾਂ ਦੇ ਡਾਕਟਰ ਹੋਣ ਦੇ ਨਾਲ-ਨਾਲ ਫ਼ੌਜ ਦੀ ਰਿਜ਼ਰਵ ਬਟਾਲੀਅਨ ਵਿਚ ਵੀ ਸੇਵਾ ਨਿਭਾ ਰਹੇ ਹਨ। ਹਾਲ ਹੀ ਵਿਚ ਉਨ੍ਹਾਂ ਨੂੰ ਨਵੰਬਰ 2024 ਵਿਚ ਸ਼ੁਰੂ ਹੋਣ ਵਾਲੇ ਆਰਮੀ ਰਿਜ਼ਰਵ ਦੇ ਅਗਲੇ ਸੈਸ਼ਨ ਲਈ ਬਟਾਲੀਅਨ ਕਮਾਂਡ ਵਾਸਤੇ ਚੁਣਿਆ ਗਿਆ ਹੈ।

ਇਸ ਸਬੰਧੀ ਡਾ. ਰਤਨ ਨੇ ਕਿਹਾ ਕਿ ਫ਼ੌਜ ਵਿਚ ਨਿਰਸਵਾਰਥ ਸੇਵਾ ਦੀਆਂ ਕਦਰਾਂ-ਕੀਮਤਾਂ ਤੋਂ ਪ੍ਰੇਰਿਤ ਹੋ ਕੇ ਮੇਰਾ ਮੁੱਖ ਉਦੇਸ਼ ਮਾਊਂਟੇਨ ਹਾਊਸ, ਜੋ ਕਿ ਅਮਰੀਕਾ ਦੇ ਨਵੇਂ ਸ਼ਹਿਰ ਵਜੋਂ ਜਾਣਿਆ ਜਾਂਦਾ ਹੈ, ਦੀ ਸੁਰੱਖਿਆ, ਖੁਸ਼ਹਾਲੀ ਅਤੇ ਇਸ ਦੇ ਵਿਕਾਸ ਨੂੰ ਯਕੀਨੀ ਬਣਾਉਣਾ ਹੈ। ਸਿਟੀ ਕੌਂਸਲ ਲਈ ਚੋਣ ਲੜਨ ਦਾ ਮੇਰਾ ਫੈਸਲਾ ਜਨਤਕ ਸੇਵਾ ਅਤੇ ਭਾਈਚਾਰਕ ਭਲਾਈ ਲਈ ਮੇਰੇ ਸਮਰਪਣ ਦਾ ਪ੍ਰਮਾਣ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਉਨ੍ਹਾਂ ਦਾ ਸਮਰਥਨ ਕਰਨ ਜਾਂ ਉਨ੍ਹਾਂ ਦੀ ਮੁਹਿੰਮ ਵਿਚ ਵਲੰਟੀਅਰ ਕਰਨ ਵਿਚ ਦਿਲਚਸਪੀ ਰੱਖਦੇ ਹਨ, ਉਹ ਉਨ੍ਹਾਂ ਨਾਲ ਵੈੱਬਸਾਈਟ www.tjforcouncil.com ਜਾਂ ਈਮੇਲ tejdeeprattan@gmail.com 'ਤੇ ਸੰਪਰਕ ਕਰ ਸਕਦੇ ਹਨ।