BJP ਵਿੱਚ ਸ਼ਾਮਲ ਹੋਣ ਵਾਲੇ MP ਰਜਿੰਦਰ ਗੁਪਤਾ ਖ਼ਿਲਾਫ਼ ਕਾਰਵਾਈ, PPCB ਵੱਲੋਂ ਟ੍ਰਾਈਡੈਂਟ ਫੈਕਟਰੀ ‘ਤੇ ਛਾਪਾ।

BJP ਵਿੱਚ ਸ਼ਾਮਲ ਹੋਣ ਵਾਲੇ MP ਰਜਿੰਦਰ ਗੁਪਤਾ ਖ਼ਿਲਾਫ਼ ਕਾਰਵਾਈ, PPCB ਵੱਲੋਂ ਟ੍ਰਾਈਡੈਂਟ ਫੈਕਟਰੀ ‘ਤੇ ਛਾਪਾ।

ਪੰਜਾਬ ਦੇ ਇੱਕ ਪ੍ਰਮੁੱਖ ਉਦਯੋਗਿਕ ਘਰਾਣੇ, ਟ੍ਰਾਈਡੈਂਟ ਗਰੁੱਪ ਦੇ ਧੌਲਾ ਸਥਿਤ ਕੰਪਲੈਕਸ ‘ਤੇ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਅੱਜ ਅਚਾਨਕ ਛਾਪਾ ਮਾਰਿਆ। ਵਿਭਾਗ ਦੀ ਜਾਂਚ ਫੈਕਟਰੀ ਦੇ ਅੰਦਰ ਲਗਭਗ ਦੋ ਘੰਟਿਆਂ ਤੋਂ ਜਾਰੀ ਹੈ। ਇਸ ਕਾਰਵਾਈ ਨੇ ਸੂਬੇ ਦੇ ਉਦਯੋਗਿਕ ਅਤੇ ਰਾਜਨੀਤਿਕ ਦੋਵਾਂ ਹਲਕਿਆਂ ਵਿੱਚ ਹਲਚਲ ਮਚਾ ਦਿੱਤੀ ਹੈ।

ਦਰਅਸਲ ਟ੍ਰਾਈਡੈਂਟ ਗਰੁੱਪ ਦੇ ਸੰਸਥਾਪਕ ਰਾਜਿੰਦਰ ਗੁਪਤਾ ਹਾਲ ਹੀ ਵਿੱਚ ਆਮ ਆਦਮੀ ਪਾਰਟੀ (AAP) ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਹਨ। ਉਹ ਸੱਤ ਰਾਜ ਸਭਾ ਸੰਸਦ ਮੈਂਬਰਾਂ ਵਿੱਚੋਂ ਇੱਕ ਹਨ ਜੋ ‘AAP’ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਹਨ। ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਇਹ ਛਾਪਾ ਰਜਿੰਦਰ ਗੁਪਤਾ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਕੁਝ ਦਿਨ ਬਾਅਦ ਹੀ ਕੀਤਾ ਗਿਆ ਹੈ।

ਰਿਪੋਰਟਾਂ ਮੁਤਾਬਕ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ, ਜਿਸ ਵਿੱਚ ਲਗਭਗ 10 ਅਧਿਕਾਰੀ ਸ਼ਾਮਲ ਹਨ, ਤਿੰਨ ਤੋਂ ਚਾਰ ਵਾਹਨਾਂ ਵਿੱਚ ਟ੍ਰਾਈਡੈਂਟ ਦੇ ਧੌਲਾ ਕੰਪਲੈਕਸ ਵਿੱਚ ਪਹੁੰਚੀ। ਟੀਮ ਅਜੇ ਵੀ ਫੈਕਟਰੀ ਦੇ ਅੰਦਰ ਮੌਜੂਦ ਹੈ ਅਤੇ ਪਲਾਂਟ ਅਤੇ ਜ਼ਰੂਰੀ ਦਸਤਾਵੇਜ਼ਾਂ ਦੀ ਚੰਗੀ ਤਰ੍ਹਾਂ ਜਾਂਚ ਕਰ ਰਹੀ ਹੈ। ਇਸ ਅਣਐਲਾਨੀ ਕਾਰਵਾਈ ਨੇ ਫੈਕਟਰੀ ਅਹਾਤੇ ਵਿੱਚ ਹਲਚਲ ਮਚਾ ਦਿੱਤੀ ਹੈ।

ਰਾਜ ਸਭਾ ਚੋਣਾਂ ਵਿਚ ਦਿੱਤੇ ਹਲਫਨਾਮੇ ਮੁਤਾਬਕ, ਰਜਿੰਦਰ ਗੁਪਤਾ 10ਵੀਂ ਪਾਸ ਹਨ। ਉਨ੍ਹਾਂ ਦੇ ਕੋਲ ਨਾ ਤਾਂ ਆਪਣੀ ਕੋਈ ਕਾਰ ਹੈ, ਨਾ ਹੀ ਖੇਤੀ ਲਾਇਕ ਜਮੀਨ ਅਤੇ ਨਾ ਹੀ ਕੋਈ ਵਪਾਰਕ ਇਮਾਰਤ ਹੈ, ਪਰ ਉਨ੍ਹਾਂ ਦਾ ਪਰਿਵਾਰ 5 ਹਜਾਰ 53 ਕਰੋੜ ਦਾ ਚੱਲ-ਅਚੱਲ ਜਾਇਦਾਦ ਦਾ ਮਾਲਿਕ ਹੈ। ਇਸ ਵਿਚੋਂ 4338.77 ਕਰੋੜ ਦੀ ਚੱਲ ਅਤੇ 615.74 ਕਰੋੜ ਦੀ ਅਚੱਲ ਜਾਇਦਾਦ ਹੈ। ਉਨ੍ਹਾਂ ਪਰਿਵਾਰ ਦੇਕੋਲ 11.99 ਕਰੋੜ ਰੁਪਏ ਦੇ ਜੇਵਰਾਤ ਹਨ।

ਰਜਿੰਦਰ ਗੁਪਤਾ ਨੇ 1975 ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਰਕਾਰੀ ਮਾਡਲ ਹਾਈ ਸਕੂਲ ਲੁਧਿਆਣਾ ਤੋਂ 10ਵੀਂ ਪਾਸ ਹੈ। ਦਿਲਚਸਪ ਗੱਲ ਇਹ ਵੀ ਹੈ ਕਿ ਟ੍ਰਾਈਡੈਂਟ ਦਾ ਇੰਨਾ ਵੱਡਾ ਅੰਪਾਇਰ ਖੜ੍ਹਾ ਕਰਨ ਵਾਲੇ ਗੁਪਤਾ ਪਰਿਵਾਰ ‘ਤੇ ਕਿਸੇ ਵੀ ਤਰ੍ਹਾਂ ਦਾ ਕੋਈ ਕਰਜਾ ਨਹੀਂ ਹੈ।

ਕਾਰੋਬਾਰੀ ਰਾਜਿੰਦਰ ਗੁਪਤਾ ਅਤੇ ਉਨ੍ਹਾਂ ਦੇ ਟ੍ਰਾਈਡੈਂਟ ਗਰੁੱਪ ਨੂੰ ਟਾਈਮ ਮੈਗਜ਼ੀਨ ਦੇ ਦਸੰਬਰ 2024 ਦੇ ਪਰਸਨ ਆਫ਼ ਦਿ ਈਅਰ ਅੰਕ ਵਿੱਚ ਪ੍ਰਦਰਸ਼ਿਤ ਕੀਤਾ ਗਿਆ ਸੀ। ਟਾਈਮ ਦੇ ਮੁੱਖ ਸੰਪਾਦਕ ਸੈਮ ਜੈਕਬਸ ਦੇ ਮੁਤਾਬਕ ਟ੍ਰਾਈਡੈਂਟ ਗਰੁੱਪ ਦੀ ਟੈਕਸਟਾਈਲ (ਧਾਗਾ, ਬਾਥ ਅਤੇ ਬੈੱਡ ਲਿਨਨ), ਕਾਗਜ਼ (ਕਣਕ ਦੇ ਪਰਾਲੀ ‘ਤੇ ਅਧਾਰਤ), ਅਤੇ ਰਸਾਇਣਾਂ ਵਿੱਚ ਮਹੱਤਵਪੂਰਨ ਮੌਜੂਦਗੀ ਹੈ।