- Updated: October 16, 2023 06:34 PM
ਪੰਜਾਬ ਤੋਂ ਰਾਜ ਸਭਾ ਦੇ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੂੰ ਭਾਰਤੀ ਮੂਲ ਦੇ ਕੈਨੇਡੀਅਨ ਨਾਗਰਿਕਾਂ, ਜਿਨ੍ਹਾਂ ਕੋਲ ਓਵਰਸੀਜ਼ ਸਿਟੀਜ਼ਨ ਆਫ਼ ਇੰਡੀਆ (ਓਸੀਆਈ) ਕਾਰਡ ਨਹੀਂ ਹਨ, ਲਈ ਵੀਜ਼ਾ ਸੇਵਾਵਾਂ ਮੁੜ ਸ਼ੁਰੂ ਕਰਨ ਦੀ ਬੇਨਤੀ ਕੀਤੀ ਹੈ। ਸਾਹਨੀ ਨੇ ਕਿਹਾ ਕਿ ਉਨ੍ਹਾਂ ਨੂੰ ਭਾਰਤੀ ਪ੍ਰਵਾਸੀ ਵਿਸ਼ੇਸ਼ ਤੌਰ 'ਤੇ ਪੰਜਾਬੀਆਂ ਵਲੋਂ ਅਪਣੇ ਮਾਤਾ-ਪਿਤਾ ਦੀ ਗੰਭੀਰ ਬੀਮਾਰੀ, ਪ੍ਰਵਾਰਕ ਵਿਆਹਾਂ ਅਤੇ ਹੋਰ ਪ੍ਰਵਾਰਕ ਜ਼ਰੂਰਤਾਂ ਲਈ ਭਾਰਤੀ ਵੀਜ਼ਾ ਪ੍ਰਾਪਤ ਕਰਨ ਤੋਂ ਅਸਮਰੱਥਾ ਬਾਰੇ ਹਰ ਰੋਜ਼ ਬਹੁਤ ਸਾਰੀਆਂ ਬੇਨਤੀਆਂ ਮਿਲ ਰਹੀਆਂ ਹਨ।
ਪੰਜਾਬ ਦੇ ਹਰ ਦੂਜੇ ਘਰ ਕੈਨੇਡਾ ਵਿਚ ਪ੍ਰਵਾਰ ਦਾ ਕੋਈ ਨਾ ਕੋਈ ਮੈਂਬਰ ਰਹਿੰਦਾ ਹੈ। ਸਾਹਨੀ ਨੇ ਦਸਿਆ ਕਿ ਕੈਨੇਡਾ ਵਿਚ ਭਾਰਤੀ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਨੇ ਕਿਹਾ ਕਿ ਉਹ ਸਿਰਫ਼ ਮੌਤ ਦੇ ਮਾਮਲਿਆਂ ਲਈ ਹੀ ਐਮਰਜੈਂਸੀ ਵੀਜ਼ਾ 'ਤੇ ਵਿਚਾਰ ਕਰ ਸਕਦੇ ਹਨ। ਕਿਸੇ ਹੋਰ ਐਮਰਜੈਂਸੀ ਦੇ ਹੋਰ ਸਾਰੇ ਮਾਮਲਿਆਂ ਲਈ, ਉਹ ਵਿਦੇਸ਼ ਮੰਤਰਾਲੇ ਤੋਂ ਨੀਤੀਗਤ ਦਿਸ਼ਾ-ਨਿਰਦੇਸ਼ਾਂ ਦੀ ਉਡੀਕ ਕਰਦੇ।
ਸਾਹਨੀ ਨੇ ਵਿਦੇਸ਼ ਮੰਤਰੀ ਨੂੰ ਅਪੀਲ ਕੀਤੀ ਕਿ ਕੈਨੇਡਾ ਵਿਚ ਭਾਰਤੀ ਮੂਲ ਦੇ ਲੋਕਾਂ ਨੂੰ ਵੀਜ਼ਾ ਨਾ ਜਾਰੀ ਕਰਨ ਨਾਲ ਉਨ੍ਹਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਨ੍ਹਾਂ ਨੂੰ ਦੂਰ ਕਰਨ ਦੀ ਲੋੜ ਹੈ। ਸਾਹਨੀ ਨੇ ਉਮੀਦ ਪ੍ਰਗਟ ਕੀਤੀ ਕਿ ਚੰਗੀ ਸੂਝ-ਬੂਝ ਤੋਂ ਕੰਮ ਲੈਂਦਿਆਂ ਵਿਦੇਸ਼ ਵਿਭਾਗ ਕੈਨੇਡਾ ਵਿਚ ਅਪਣੇ ਹਾਈ ਕਮਿਸ਼ਨ ਅਤੇ ਕੌਂਸਲੇਟ ਨੂੰ ਵੀਜ਼ਾ ਜਾਰੀ ਕਰਨ ਲਈ ਨਿਰਦੇਸ਼ ਜਾਰੀ ਕਰੇਗਾ। ਉਨ੍ਹਾਂ ਨੇ ਸੁਝਾਅ ਦਿਤਾ ਕਿ ਭਾਰਤੀ ਮਿਸ਼ਨਾਂ ਵਿਚ ਸਟਾਫ ਦੀ ਕਮੀ ਦੇ ਮਾਮਲੇ ਵਿਚ, ਈ-ਵੀਜ਼ਾ ਦੇਣ 'ਤੇ ਵਿਚਾਰ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਅਪਣੇ ਹੀ ਭੈਣਾਂ-ਭਰਾਵਾਂ ਨੂੰ ਉਨ੍ਹਾਂ ਦੀ ਕੋਈ ਗ਼ਲਤੀ ਬਗੈਰ ਸਜ਼ਾ ਨਹੀਂ ਦੇ ਸਕਦੇ।