- Updated: October 16, 2023 05:50 PM
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਐਸ.ਵਾਈ.ਐਲ. ਨਹਿਰ ਦੀ ਉਸਾਰੀ ’ਤੇ ਚਰਚਾ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੀਟਿੰਗ ਲਈ ਸੱਦਾ ਦਿਤਾ ਹੈ। ਇਸ ਸਬੰਧੀ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖਿਆ ਹੈ।
ਹਰਿਆਣਾ ਦੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਵਲੋਂ ਕੀਤੇ ਟਵੀਟ ਮੁਤਾਬਕ ਮੁੱਖ ਮੰਤਰੀ ਨੇ ਸਪਸ਼ਟ ਕੀਤਾ ਹੈ ਕਿ ਉਹ ਐਸ.ਵਾਈ.ਐਲ. ਦੀ ਉਸਾਰੀ ਦੇ ਰਾਹ ਵਿਚ ਆਉਣ ਵਾਲੀ ਕਿਸੇ ਵੀ ਮੁਸ਼ਕਲ ਜਾਂ ਰੁਕਾਵਟ ਨੂੰ ਹੱਲ ਕਰਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਹਰਿਆਣਾ ਦਾ ਹਰ ਨਾਗਰਿਕ ਪੰਜਾਬ ਦੇ ਹਿੱਸੇ ਦੀ ਐਸ.ਵਾਈ.ਐਲ. ਦੀ ਉਸਾਰੀ ਛੇਤੀ ਮੁਕੰਮਲ ਕੀਤੇ ਜਾਣ ਦੀ ਉਡੀਕ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਸੁਪ੍ਰੀਮ ਕੋਰਟ ਨੇ ਐਸ.ਵਾਈ.ਐਲ. ਬਾਰੇ 4 ਅਕਤੂਬਰ ਨੂੰ ਸਿਰਫ਼ ਸਰਵੇਖਣ ਦੇ ਆਦੇਸ਼ ਦਿਤੇ ਸਨ। ਉਸ ਵਿਚ ਪਾਣੀ ਦੀ ਵੰਡ ਸਬੰਧੀ ਕੁੱਝ ਨਹੀਂ ਕਿਹਾ ਗਿਆ। ਖੱਟਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ 4 ਅਕਤੂਬਰ ਨੂੰ ਸੁਪ੍ਰੀਮ ਕੋਰਟ ਦੇ ਫੈਸਲੇ ਤੋਂ ਇਕ ਦਿਨ ਪਹਿਲਾਂ 3 ਅਕਤੂਬਰ ਨੂੰ ਉਨ੍ਹਾਂ ਨੂੰ ਪੱਤਰ ਲਿਖਿਆ ਸੀ, ਜਿਸ ਵਿਚ ਇਸ ਮੁੱਦੇ ਨੂੰ ਲੈ ਕੇ ਦੋ ਪੱਖੀ ਮੀਟਿੰਗ ਕਰਨ ਲਈ ਸਮਾਂ ਮੰਗਿਆ ਸੀ।
ਇਸ ਤੋਂ ਪਹਿਲਾਂ ਦੋਵਾਂ ਵਿਚਕਾਰ ਆਖਰੀ ਵਾਰ 14 ਅਕਤੂਬਰ 2022 ਨੂੰ ਮੀਟਿੰਗ ਹੋਈ ਸੀ। ਇਸ ਤੋਂ ਬਾਅਦ ਕੇਂਦਰੀ ਜਲ ਸ਼ਕਤੀ ਮੰਤਰੀ ਨੇ 4 ਜਨਵਰੀ 2023 ਨੂੰ ਦੂਜੇ ਦੌਰ ਦੀ ਚਰਚਾ ਕੀਤੀ, ਜਿਸ ਵਿਚ ਦੋਵਾਂ ਸੂਬਿਆਂ ਦੇ ਮੁੱਖ ਮੰਤਰੀ ਮੌਜੂਦ ਸਨ। ਇਨ੍ਹਾਂ ਦੋਵਾਂ ਮੀਟਿੰਗਾਂ ਦਾ ਕੋਈ ਸਿੱਟਾ ਨਹੀਂ ਨਿਕਲ ਸੱਕਿਆ। ਮਨੋਹਰ ਲਾਲ ਖੱਟਰ ਨੇ ਉਮੀਦ ਜਤਾਈ ਕਿ ਹੁਣ ਪੰਜਾਬ ਸਰਕਾਰ ਯਕੀਨੀ ਰੂਪ ਨਾਲ ਐਸ.ਵਾਈ.ਐਲ. ਦੇ ਮਾਮਲੇ ਨੂੰ ਹੱਲ ਕਰਨ ’ਚ ਸਹਿਯੋਗ ਕਰੇਗੀ।