- Updated: September 15, 2026 10:10 AM
ਅਮਰੀਕਾ ਵਿੱਚ ਪੰਜਾਬ ਦੇ ਡਰਾਈਵਰ 'ਤੇ ਨਸਲੀ ਹਮਲਾ ਹੋਇਆ ਹੈ । ਹਮਲਾਵਰ ਨੇ ਆਰਾਮ ਕਰ ਰਹੇ ਡਰਾਈਵਰ 'ਤੇ ਸੋਮਵਾਰ ਸਵੇਰੇ ਪਹਿਲਾਂ ਨਸਲੀ ਟਿੱਪਣੀ ਕੀਤੀ। ਉਸ ਤੋਂ ਬਾਅਦ ਚਾਕੂ ਨਾਲ ਹਮਲਾ ਕਰ ਦਿੱਤਾ। ਪੰਜਾਬੀ ਭਾਈਚਾਰੇ ਦੇ ਵਿਅਕਤੀ ਪਵਿੱਤਰ ਸਿੰਘ ਨੇ ਦੱਸਿਆ ਕਿ ਡਰਾਈਵਰ ਦੀ ਪਛਾਣ ਗੁਰਵਿੰਦਰ ਸਿੰਘ ਵਜੋਂ ਹੋਈ ਹੈ ਅਤੇ ਗੰਭੀਰ ਹਾਲਤ ਵਿੱਚ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਪੁਲਿਸ ਨੂੰ ਪੂਰੇ ਮਾਮਲੇ ਸਬੰਧੀ ਸੂਚਨਾ ਦੇ ਦਿੱਤੀ ਗਈ ਹੈ।
ਪਵਿੱਤਰ ਸਿੰਘ ਨੇ ਦੱਸਿਆ ਕਿ ਡਰਾਈਵਰ ਪੰਜਾਬ ਵਿੱਚ ਕਿੱਥੋਂ ਦਾ ਰਹਿਣ ਵਾਲਾ ਹੈ, ਇਸ ਬਾਰੇ ਜਾਣਕਾਰੀ ਨਹੀਂ ਹੈ। ਅਜੇ ਉਸ ਦੀ ਹਾਲਤ ਗੰਭੀਰ ਹੈ ਅਤੇ ਬੋਲਣ ਤੋਂ ਅਸਮਰੱਥ ਹੈ। ਉਹ ਡਬਲਿਊ.ਜੇ. ਟ੍ਰਾਂਸਪੋਰਟ ਵਿੱਚ ਕੰਮ ਕਰਦਾ ਸੀ। ਸਵੇਰੇ ਰੈਸਟ ਲੇਨ 'ਤੇ ਖੜ੍ਹੇ ਆਪਣੇ ਟਰੱਕ ਤੋਂ ਲਗਭਗ 100 ਮੀਟਰ ਦੀ ਦੂਰੀ 'ਤੇ ਉਹ ਖੂਨ ਨਾਲ ਲੱਥਪੱਥ ਮਿਲਿਆ।
ਹਮਲੇ ਤੋਂ ਬਾਅਦ ਪੰਜਾਬੀ ਭਾਈਚਾਰੇ ਦੇ ਲੋਕਾਂ ਵਿੱਚ ਰੋਸ ਹੈ। ਲੋਕਾਂ ਨੇ ਕਿਹਾ ਕਿ ਪੰਜਾਬੀਆਂ 'ਤੇ ਲਗਾਤਾਰ ਨਸਲੀ ਟਿੱਪਣੀ ਦੇ ਹਮਲੇ ਵਧ ਰਹੇ ਹਨ। ਇਸ ਦੇ ਬਾਵਜੂਦ ਇੱਥੋਂ ਦਾ ਸਥਾਨਕ ਮੀਡੀਆ ਵੀ ਇਸ ਨੂੰ ਕਵਰੇਜ ਨਹੀਂ ਦਿੰਦਾ। ਉਨ੍ਹਾਂ ਦੀ ਆਵਾਜ਼ ਨੂੰ ਦਬਾਇਆ ਜਾਂਦਾ ਹੈ, ਤਾਂ ਜੋ ਦੁਨੀਆ ਨੂੰ ਪਤਾ ਨਾ ਲੱਗ ਸਕੇ।
ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਅਤੇ ਪਵਿੱਤਰ ਸਿੰਘ ਨੇ ਇੰਸਟਾਗ੍ਰਾਮ ਯੂਜ਼ਰ ਨੇ ਇਸ ਨੂੰ ਆਪਣੇ ਅਕਾਊਂਟ 'ਤੇ ਅਪਲੋਡ ਕੀਤਾ ਹੈ। ਇਸ ਵਿੱਚ ਦਿਖਾਈ ਦੇ ਰਿਹਾ ਹੈ ਕਿ ਟਰੱਕ ਨੰਬਰ 11240 ਰੋਡ ਸਾਈਡ ਰੈਸਟ ਏਰੀਆ ਵਿੱਚ ਖੜ੍ਹਾ ਹੈ। ਇਸ ਦੇ ਨਾਲ ਹੀ ਖੂਨ ਬਿਖਰਿਆ ਹੋਇਆ ਹੈ। ਖੂਨ ਲਗਭਗ 100 ਮੀਟਰ ਦੂਰ ਤੱਕ ਬਿਖਰਿਆ ਮਿਲਿਆ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਗੋਰਾ ਸੀ। ਹਾਲਾਂਕਿ, ਉਸ ਦੀ ਪਛਾਣ ਨਹੀਂ ਹੋ ਸਕੀ ਹੈ ਅਤੇ ਨਾ ਹੀ ਪੁਲਿਸ ਨੇ ਕਿਸੇ ਨੂੰ ਗ੍ਰਿਫਤਾਰ ਕਰਨ ਦੀ ਕੋਈ ਸੂਚਨਾ ਦਿੱਤੀ ਹੈ।