- Updated: August 26, 2026 02:18 PM
ਮਹਾਨਗਰ ਵਿਚ ਨਗਰ ਨਿਗਮ ਦਫ਼ਤਰ ਨੂੰ ਇਕ ਵਾਰ ਫ਼ਿਰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈ-ਮੇਲ ਮਿਲਣ ਨਾਲ ਪ੍ਰਸ਼ਾਸਨਿਕ ਤੇ ਪੁਲਸ ਮਹਿਕਮੇ ਵਿਚ ਹੜਕੰਪ ਮੱਚ ਗਿਆ ਹੈ। ਇਸ ਤੋਂ ਪਹਿਲਾਂ ਵੀ ਨਗਰ ਨਿਗਮ ਦਫ਼ਤਰ ਨੂੰ ਉਡਾਉਣ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ। ਤਾਜ਼ਾ ਈ-ਮੇਲ ਵਿਚ ਅੱਤਵਾਦੀ ਸੰਗਠਨ ਬੱਬਰ ਖ਼ਾਲਸਾ ਤੇ ਖ਼ਾਲਿਸਤਾਨ ਨੈਸ਼ਨਲ ਆਰਮੀ ਦਾ ਹਵਾਲਾ ਦਿੰਦਿਆਂ ਦੁਪਹਿਰ 1.11 ਵਜੇ ਨਿਗਮ ਦਫ਼ਤਰ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਗਈ। ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਵੀ ਇਤਰਾਜ਼ਯੋਗ ਤੇ ਧਮਕੀ ਭਰੀ ਭਾਸ਼ਾ ਦੀ ਵਰਤੋਂ ਕੀਤੀ ਗਈ। ਸੂਚਨਾ ਮਿਲਦਿਆਂ ਹੀ ਪੁਲਸ ਪ੍ਰਸ਼ਾਸਨ, ਬੰਬ ਨਿਰੋਧਕ ਦਸਤਾ ਤੇ ਸਾਈਬਰ ਸੈੱਲ ਅਲਰਟ ਮੋਡ 'ਤੇ ਆ ਗਏ ਹਨ।
ਧਮਕੀ ਭਰੀ ਈ-ਮੇਲ ਸਾਹਮਣੇ ਆਉਂਦਿਆਂ ਹੀ ਪੁਲਸ ਕਮਿਸ਼ਨਰੇਟ ਲੁਧਿਆਣਾ ਨੇ ਤੁਰੰਤ ਨੋਟਿਸ ਲਿਆ ਤੇ ਅਹਿਤਿਆਤਨ ਨਗਰ ਨਿਗਮ ਹੈੱਡ ਆਫ਼ਿਸ ਤੇ ਜ਼ੋਨ ਦਫ਼ਤਰਾਂ ਵਿਚ ਸੁਰੱਖਿਆ ਵਧਾ ਦਿੱਤੀ ਗਈ ਹੈ ਤੇ ਡੌਗ ਸਕੁਐਡ ਤੇ ਬੰਬ ਨਿਰੋਧਕ ਦਸਤੇ ਵੱਲੋਂ ਕੈਂਪਸ ਦੀ ਤਲਾਸ਼ੀ ਲਈ ਜਾ ਰਹੀ ਹੈ। ਸਾਈਬਰ ਕ੍ਰਾਈਮ ਵਿੰਗ ਈ-ਮੇਲ ਦੇ ਸਰਵਰ, ਵੀ. ਪੀ. ਐੱਨ. ਤੇ ਆਈ. ਪੀ. ਐਡ੍ਰੈੱਸ ਨੂੰ ਟ੍ਰੇਸ ਕਰਨ ਵਿਚ ਜੁਟ ਗਈਆਂ ਹਨ, ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਸ਼ਰਾਰਤ ਵਿਦੇਸ਼ ਤੋਂ ਕੀਤੀ ਗਈ ਹੈ ਜਾਂ ਕਿਸੇ ਸਥਾਨਕ ਸ਼ਰਾਰਤੀ ਅਨਸਰ ਵੱਲੋਂ ਮਾਹੌਲ ਖ਼ਰਾਬ ਕਰਨ ਦੀ ਸਾਜ਼ਿਸ਼ ਹੈ।