ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ,"ਮੇਰਾ ਟਵੀਟ ਡਿਲੀਟ ਹੋਣ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ"।

ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ,

ਮੇਰਾ ਟਵੀਟ ਡਿਲੀਟ ਹੋਣ ਨਾਲ ਮੈਨੂੰ ਕੋਈ ਫਰਕ ਨਹੀਂ ਪੈਦਾ। ਜੇਕਰ ਕੌਮ ਦੇ ਹਜ਼ਾਰਾਂ ਸਿੱਖ ਨੌਜਵਾਨਾਂ ਦੀ ਆਵਾਜ਼ ਉਨ੍ਹਾਂ ਦੇ ਟਵੀਟ ਅਤੇ ਉਨ੍ਹਾਂ ਦੇ ਪੇਜ ਬੰਦ ਕਰਕੇ ਦਬਾ ਦਿੱਤੀ ਗਈ ਹੈ ਤਾਂ ਮੇਰਾ ਟਵੀਟ ਡਿਲੀਟ ਹੋ ਗਿਆ ਤਾਂ ਕੋਈ ਗੱਲ ਨਹੀਂ, ਮੇਰੀ ਆਵਾਜ਼ ਕੌਮ ਦੇ ਹਜ਼ਾਰਾਂ ਸਿੱਖ ਨੌਜਵਾਨ ਹਨ। ਇਹ ਪ੍ਰਗਟਾਵਾ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਕ ਵੀਡੀਓ ਜਾਰੀ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਕਿਸੇ ਦੀ ਆਵਾਜ਼ ਨੂੰ ਦਬਾਇਆ ਜਾਂਦਾ ਹੈ, ਉਦੋਂ ਉਹ ਹੋਰ ਉੱਭਰ ਕੇ ਸਾਹਮਣੇ ਆਉਂਦੀ ਹੈ। ਇਕ ਸਲੋਗਨ ਬੋਲਦਿਆਂ ਉਨ੍ਹਾਂ ਕਿਹਾ ਕਿ ‘ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ,ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ’। ਨਾ ਕਿਸੇ ਦਾ ਹੱਕ ਮਾਰੋ ਤੇ ਨਾ ਆਪਣਾ ਮਰਨ ਦਿਓ, ਜਦੋਂ ਕੋਈ ਸਾਨੂੰ ਚੋਭ ਮਾਰਦਾ ਹੈ ਤਾਂ ਫਿਰ ਇਹ ਕਿਵੇਂ ਹੋ ਸਕਦਾ ਹੈ ਕਿ ਉਸ ਨੂੰ ਪੀੜ ਵੀ ਨਾ ਹੋਵੇ। ਦੱਸ ਦੇਈਏ ਕਿ ਬੀਤੇ ਦਿਨੀਂ ਪੰਜਾਬ ਸਰਕਾਰ ਵੱਲੋਂ ਸਿੰਘ ਸਾਹਿਬ ਦਾ ਉਹ ਟਵੀਟ ਜੋ ਉਨ੍ਹਾਂ ਪਿਛਲੇ ਦਿਨੀਂ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੱਤਰਕਾਰਾਂ, ਬੁੱਧੀਜੀਵੀਆਂ, ਨਿਹੰਗ ਸਿੰਘ ਦਲਾਂ ਤੇ ਪੰਥਕ ਜਥੇਬੰਦੀਆਂ ਦੀ ਮੀਟਿੰਗ ਦੌਰਾਨ ਇਹ ਐਲਾਨ ਕੀਤਾ ਸੀ ਕਿ ਜੇਕਰ 24 ਘੰਟਿਆਂ ਅੰਦਰ ਸਰਕਾਰ ਨੇ ਅੰਮ੍ਰਿਤਪਾਲ ਆਪ੍ਰੇਸ਼ਨ ਦੌਰਾਨ ਫੜੇ ਗਏ ਨੌਜਵਾਨ ਜਿਨ੍ਹਾਂ 'ਤੇ ਐੱਨ ਐੱਸ ਏ ਲਗਾਈ ਹੈ, ਨੂੰ ਨਾ ਛੱਡਿਆ ਤਾਂ ਉਹ ਨਵੀਂ ਵਿਉਂਤਬੰਦੀ ਕਰਨਗੇ, ਡਿਲੀਟ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਸਿੱਖ ਕੌਮ ਪੰਜਾਬ ਦਾ ਭਲਾ ਚਾਹੁੰਦੀ ਹੈ ਤੇ ਸਾਨੂੰ ਸਾਡੇ ਗੁਰੂ ਸਾਹਿਬਾਨ ਨੇ ਸਿਖਾਇਆ ਹੈ ਕਿ ‘ਜੀਓ ਅਤੇ ਜਿਊਣ ਦਿਓ’। ਨੈਸ਼ਨਲ ਮੀਡੀਆ ਨੇ ਮਹਾਰਾਜ ਰਣਜੀਤ ਸਿੰਘ ਦੇ ਸਿੱਖ ਰਾਜ ਸਮੇਂ ਲਾਲ ਕਿਲ੍ਹੇ ‘ਤੇ ਝੂਲਦੇ ਨਿਸ਼ਾਨ ਸਾਹਿਬ ਨੂੰ ਲੈ ਕੇ ਜੋ ਕੀਤਾ ਹੈ, ਜੋ ਸਿੱਖਾਂ ਦੀ ਵਿਰਾਸਤ ਹੈ ਤੇ ਜਿਸ 'ਤੇ ਹਰ ਸਿੱਖ ਮਾਣ ਕਰਦਾ ਹੈ, ਉਸ ਨੂੰ ਤੋੜ-ਮਰੋੜ ਕੇ ਦਿਖਾ ਕੇ ਤੇ ਉਸ ਨੂੰ ਖਾਲਿਸਤਾਨ ਨਾਲ ਜੋੜ ਕੇ ਸਿੱਖਾਂ ਨੂੰ ਬਦਨਾਮ ਕਰਨ ਦੀ, ਉਨ੍ਹਾਂ ਦਾ ਅਕਸ ਵਿਗਾੜਨ ਦੀ ਕੋਸ਼ਿਸ਼ ਕੀਤੀ ਹੈ, ਸਿੱਖਾਂ ਦੇ ਅਕਸ ਨੂੰ ਧੁੰਦਲਾ ਕਰਨ ਦਾ ਯਤਨ ਕੀਤਾ ਹੈ। ਜੇ ਭਾਰਤ ਨੂੰ ਅਖੰਡ ਰੱਖਣਾ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਮਲਟੀਪਰਪਜ਼ ਨੂੰ ਡਿਲੀਟ ਕਰਕੇ ਰੱਖ ਦਿਓ। ਬਾਗ ਵਿੱਚ ਹਰ ਤਰ੍ਹਾਂ ਦੇ ਫੁੱਲ ਹੁੰਦੇ ਨੇ ਤੇ ਸਭ ਦੀ ਖੁਸ਼ਬੂ ਵੱਖਰੀ-ਵੱਖਰੀ ਹੁੰਦੀ ਹੈ।

ਇਕ ਸਵਾਲ ਦੇ ਜਵਾਬ ‘ਚ ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਵਰਸਿਸ ਭਾਰਤ ਸਰਕਾਰ ਕਦੇ ਨਹੀਂ ਹੋ ਸਕਦਾ। ਅਕਾਲ ਤਖ਼ਤ ਦਾ ਸੰਕਲਪ ਪੂਰਾ ਬ੍ਰਹਿਮੰਡ ਹੈ। ਪੰਜਾਬ ਇਕ ਅਜਿਹਾ ਖਿੱਤਾ ਹੈ, ਇਕ ਅਜਿਹੀ ਸਟੇਟ ਹੈ, ਜਿਸ ਨੇ ਆਪਣੇ ਪਿੰਡੇ ‘ਤੇ ਬਹੁਤ ਜ਼ੁਲਮ ਹੰਢਾਇਆ ਹੈ। ਜਦੋਂ ਵੀ ਕੋਈ ਸਿੱਖਾਂ ਨਾਲ ਧੱਕਾ ਕਰਨ ਦਾ ਯਤਨ ਕਰਦਾ ਹੈ ਤਾਂ ਉਨ੍ਹਾਂ ਨੂੰ ਆਭਾਸ ਹੋ ਜਾਂਦਾ ਹੈ ਤੇ ਉਨ੍ਹਾਂ ਦਾ ਬੋਲਣਾ ਧੱਕਾ ਕਰਨ ਵਾਲਿਆਂ ਨੂੰ ਬਰਦਾਸ਼ਤ ਨਹੀਂ ਹੁੰਦਾ। ਉਹ ਬੰਦੇ ਜਿਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ, ਇਕ ਬੰਬ ਕਾਂਡ ‘ਚ 7 ਮੌਤਾਂ ਹੋਈਆਂ, ਜਿਨ੍ਹਾਂ ‘ਚੋਂ 5 ਬੱਚੇ ਸਨ, ਉਹ 6 ਬੰਦੇ ਅੱਜ ਤੱਕ ਕਿਉਂ ਨਾ ਫੜੇ ਗਏ। ਇਹ ਬੰਦੇ ਅਦਾਲਤ ਵੱਲੋਂ ਕਿਉਂ ਨਾ ਭਗੌੜੇ ਕਰਾਰ ਦਿੱਤੇ ਗਏ। ਉਨ੍ਹਾਂ ਨੂੰ ਫੜਨ ਵਾਸਤੇ ਉਹ ਮਾਹੌਲ ਕਿਉਂ ਨਾ ਬਣਾਇਆ ਜੋ ਅੱਜ ਪੰਜਾਬ ਦਾ ਮਾਹੌਲ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਲਈ ਇਕ ਅਜਿਹੀ ਧਾਰਨਾ ਬਣਾ ਦਿੱਤੀ ਗਈ ਹੈ ਕਿ ਸਿੱਖ ਪੰਜਾਬ ਦਾ ਮਾਹੌਲ ਖਰਾਬ ਕਰਦੇ ਹਨ ਪਰ ਇਹ ਭੁਲਾ ਦੇਣਾ ਚਾਹੀਦਾ ਹੈ ਕਿ ਸਿੱਖ ਮਾਹੌਲ ਖਰਾਬ ਕਰਦੇ ਹਨ। ਸਿੱਖ ਕੌਮ ਸਰਬੱਤ ਦਾ ਭਲਾ ਚਾਹੁਣ ਵਾਲੀ ਕੌਮ ਹੈ। ਪੰਜਾਬ ‘ਚ ਸਿੱਖਾਂ ਵਰਗਾ ਕੋਈ ਸ਼ਾਂਤ ਨਹੀਂ ਹੈ, ਸਿੱਖ ਉਦੋਂ ਹੀ ਰੋਹ ‘ਚ ਆਉਂਦੇ ਨੇ, ਜਦੋਂ ਇਨ੍ਹਾਂ ‘ਤੇ ਕੋਈ ਚੋਭ ਲਾਉਂਦਾ ਹੈ, ‘ਜਬੈ ਬਾਣਿ ਲਾਗਿਓ ਤਬੈ ਰੋਸ ਜਾਗਿਓ’।ਕਦੇ ਜ਼ਜਬਾਤੀ ਨਾ ਹੋਵੋ, ਜੇਕਰ ਸਾਨੂੰ ਕੋਈ ਟਾਰਗੈੱਟ ਕਰਨ ਵਾਲਾ ਸ਼ਾਤਿਰ ਹੈ ਤਾਂ ਠੰਡੇ ਰਹਿ ਕੇ ਅਸੀਂ ਜੰਗ ਜਿੱਤ ਸਕਦੇ ਹਾਂ। ਇਕ ਹੋਰ ਸਵਾਲ ਦੇ ਜਵਾਬ ‘ਚ ਉਨ੍ਹਾਂ ਕਿਹਾ ਕਿ ਉਨ੍ਹਾਂ 'ਤੇ ਕਿਸੇ ਤਰ੍ਹਾਂ ਦਾ ਕੋਈ ਪ੍ਰੈਸ਼ਰ ਨਹੀਂ ਹੈ। ਕੌਮ ਦਾ ਪਹਿਰੇਦਾਰ ਬਣ ਕੇ ਰਹਿਣਾ ਮੇਰਾ ਫ਼ਰਜ਼ ਹੈ।