PM ਮੋਦੀ ਨੇ UAE ਦੇ ਫੁਜੈਰਾਹ ''ਤੇ ਹੋਏ ਡਰੋਨ ਹਮਲੇ ਦੀ ਕੀਤੀ ਨਿਖੇਧੀ, 3 ਭਾਰਤੀ ਨਾਗਰਿਕ ਹੋਏ ਜ਼ਖ਼ਮੀ

PM ਮੋਦੀ ਨੇ UAE ਦੇ ਫੁਜੈਰਾਹ ''ਤੇ ਹੋਏ ਡਰੋਨ ਹਮਲੇ ਦੀ ਕੀਤੀ ਨਿਖੇਧੀ, 3 ਭਾਰਤੀ ਨਾਗਰਿਕ ਹੋਏ ਜ਼ਖ਼ਮੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਫੁਜੈਰਾਹ ਸ਼ਹਿਰ 'ਤੇ ਹੋਏ ਹਮਲਿਆਂ ਦੀ ਸਖ਼ਤ ਨਿੰਦਾ ਕੀਤੀ, ਜਿਸ 'ਚ ਤਿੰਨ ਭਾਰਤੀ ਨਾਗਰਿਕ ਜ਼ਖਮੀ ਹੋ ਗਏ। ਫੁਜੈਰਾਹ ਦੇ ਇਕ ਪ੍ਰਮੁੱਖ ਤੇਲ ਉਦਯੋਗ ਖੇਤਰ 'ਚ ਡਰੋਨ ਹਮਲਿਆਂ ਕਾਰਨ ਲੱਗੀ ਅੱਗ 'ਚ ਭਾਰਤੀਆਂ ਦੇ ਜ਼ਖਮੀ ਹੋਣ ਦੇ ਇਕ ਦਿਨ ਬਾਅਦ ਪੀ.ਐੱਮ. ਮੋਦੀ ਨੇ ਇਨ੍ਹਾਂ ਹਮਲਿਆਂ ਦੀ ਸਖ਼ਤ ਨਿੰਦਾ ਕੀਤੀ। ਯੂਏਈ ਨੇ ਇਸ ਹਮਲੇ ਲਈ ਈਰਾਨ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਪੀ.ਐੱਮ. ਮੋਦੀ ਨੇ ਸੋਸ਼ਲ ਮੀਡੀਆ 'ਤੇ ਕਿਹਾ,''ਯੂਏਈ 'ਤੇ ਹੋਏ ਹਮਲਿਆਂ ਦੀ ਮੈਂ ਸਖ਼ਤ ਨਿੰਦਾ ਕਰਦਾਂ, ਜਿਨ੍ਹਾਂ 'ਚ ਤਿੰਨ ਭਾਰਤੀ ਨਾਗਰਿਕ ਜ਼ਖ਼ਮੀ ਹੋਏ ਹਨ। ਆਮ ਨਾਗਰਿਕਾਂ ਅਤੇ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣਾ ਅਸਵੀਕਾਰਯੋਗ ਹੈ।'' ਉਨ੍ਹਾਂ ਕਿਹਾ,''ਭਾਰਤ ਯੂਏਈ ਨਾਲ ਪੂਰੀ ਤਰ੍ਹਾਂ ਇਕਜੁਟ ਹੈ ਅਤੇ ਗੱਲਬਾਤ ਤੇ ਕੂਟਨੀਤੀ ਦੇ ਮਾਧਿਅਮ ਨਾਲ ਸਾਰੇ ਮੁੱਦਿਆਂ ਦੇ ਸ਼ਾਂਤੀਪੂਰਨ ਹੱਲ ਲਈ ਆਪਣਾ ਸਮਰਥਨ ਦੋਹਰਾਉਂਦਾ ਹੈ।''

                                            Image

ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ 'ਹੋਰਮੁਜ਼ ਸਟ੍ਰੇਟ ਤੋਂ ਸੁਰੱਖਿਅਤ ਅਤੇ ਬਿਨਾਂ ਰੁਕਾਵਟ ਨੇਵੀਗੇਸ਼ਨ ਯਕੀਨੀ ਬਣਾਉਣਾ ਖੇਤਰੀ ਸ਼ਾਂਤੀ, ਸਥਿਰਤਾ ਅਤੇ ਗਲੋਬਲ ਊਰਜਾ ਲਈ ਬੇਹੱਦ ਮਹੱਤਵਪੂਰਨ ਹੈ।'' ਫੁਜੈਰਾਹ ਸ਼ਹਿਰ 'ਤੇ ਹਮਲਾ ਅਜਿਹੇ ਸਮੇਂ ਹੋਇਆ ਹੈ, ਜਦੋਂ ਹੋਰਮੁਜ਼ ਸਟ੍ਰੇਟ 'ਚ ਅਮਰੀਕਾ ਅੇਤ ਈਰਾਨ ਵਿਚਾਲੇ ਜੰਗਬੰਦੀ ਨੂੰ ਲੈ ਕੇ ਤਣਾਅ ਦੀ ਸਥਿਤੀ ਬਣੀ ਹੋਈ ਹੈ। ਹੋਰਮੁਜ਼ ਸਟ੍ਰੇਟ ਤੋਂ ਹੋ ਕੇ ਦੁਨੀਆ ਦੇ ਲਗਭਗ 20 ਫੀਸਦੀ ਤੇਲ ਅਤੇ ਗੈਸ ਦੀ ਆਵਾਜਾਈ ਹੁੰਦੀ ਹੈ, ਜੋ ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ 'ਚ ਇਕ ਮੁੱਖ ਰੁਕਾਵਟ ਬਣਿਆ ਹੋਇਆ ਹੈ। ਸੰਘਰਸ਼ ਕਾਰਨ ਸਟ੍ਰੇਟ ਦੇ ਇਸ ਤੰਗ ਜਲਮਾਰਗ ਹੋ ਕੇ ਲੰਘਣ ਵਾਲੇ ਜਹਾਜ਼ਾਂ ਦੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ, ਜਿਸ ਨਾਲ ਤੇਲ ਦੀਆਂ ਕੀਮਤਾਂ 'ਚ ਭਾਰੀ ਵਾਧਾ ਹੋਇਆ ਹੈ ਅਤੇ ਕਈ ਦੇਸ਼ਾਂ 'ਚ ਊਰਜਾ ਦੀ ਕਮੀ ਹੋ ਗਈ ਹੈ। ਯੂਏਈ ਦੇ ਰੱਖਿਆ ਮੰਤਰਾਲਾ ਨੇ ਸੋਮਵਾਰ ਨੂੰ ਕਿਹਾ ਕਿ ਉਸ ਦੇ ਹਵਾਈ ਰੱਖਿਆ ਤੰਤਰ ਨੇ ਈਰਾਨ ਤੋਂ ਦਾਗੀਆਂ ਗਈਆਂ 12 ਬੈਲਿਸਟਿਕ ਮਿਜ਼ਾਈਲਾਂ, ਤਿੰਨ ਕਰੂਜ਼ ਮਿਜ਼ਾਈਲਾਂ ਅਤੇ ਚਾਰ ਡਰੋਨ ਨੂੰ ਨਾਕਾਮ ਕਰ ਦਿੱਤਾ। ਮੰਤਰਾਲਾ ਨੇ ਪੁਸ਼ਟੀ ਕੀਤੀ ਕਿ ਉਹ ''ਕਿਸੇ ਵੀ ਖਤਰੇ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਦੇਸ਼ ਦੀ ਸੁਰੱਖਿਆ ਨੂੰ ਕਮਜ਼ੋਰ ਕਰਨ ਦੇ ਮਕਸਦ ਨਾਲ ਕੀਤੀ ਗਈ ਕਿਸੇ ਵੀ ਕੋਸ਼ਿਸ਼ ਦਾ ਦ੍ਰਿੜਤਾ ਨਾਲ ਮੁਕਾਬਲਾ ਕਰੇਗਾ।''