- Updated: May 21, 2026 06:37 PM
ਅੱਜ ਬੇਟ ਖੇਤਰ ਦੇ ਆੜ੍ਹਤੀਆਂ ਵਲੋਂ ਟਾਂਡਾ ਹਰਗੋਬਿੰਦਪੁਰ ਰੋਡ 'ਤੇ ਪੈਦੇ ਬਿਆਸ ਪੁਲ 'ਤੇ ਧਰਨਾ ਲਗਾ ਕੇ ਰੋਡ ਜਾਮ ਕਰ ਦਿੱਤਾ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤਕ ਮੰਡੀਆਂ ਵਿਚੋਂ ਲਿਫਟਿੰਗ ਨਹੀਂ ਹੁੰਦੀ, ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਬੇਟ ਖੇਤਰ ਦੇ ਸਮੂਹ ਆੜ੍ਹਤੀਆਂ ਵਲੋਂ ਇਕੱਠੇ ਹੋ ਕੇ ਇਹ ਧਰਨਾ ਲਗਾਇਆ ਗਿਆ। ਆੜ੍ਹਤੀਆਂ ਦਾ ਆਖਣਾ ਹੈ ਕਿ ਬਾਕੀ ਮੰਡੀਆਂ ਵਿਚੋਂ ਲਿਫਟਿੰਗ ਹੋ ਚੁਕੀ ਹੈ ਜਦਕਿ ਜਲਾਲਪੁਰ ਮੰਡੀ ਵਿਚੋਂ ਲਿਫਟਿੰਗ ਨਹੀਂ ਕੀਤੀ ਗਈ, ਜਿਸ ਦੇ ਚੱਲਦੇ ਉਨ੍ਹਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ, ਤੇ ਇਹ ਸਮੱਸਿਆ ਕਿਸਾਨਾਂ ਅਤੇ ਮਜ਼ਦੂਰਾਂ ਲਈ ਬਹੁਤ ਦੁਖਦਾਈ ਹੈ ਕਿਉਂਕਿ ਉਨ੍ਹਾਂ ਨੂੰ ਆਪਣੀ ਫ਼ਸਲ ਦੀ ਲਿਫਟਿੰਗ ਲਈ ਲੰਬੇ ਸਮੇਂ ਤਕ ਇੰਤਜ਼ਾਰ ਕਰਨਾ ਪੈਦਾ ਹੈ।
ਇਹ ਜਾਮ ਕਰੀਬ ਇਕ ਘੰਟਾ ਲਗਾਤਾਰ ਲੱਗਾ ਰਿਹਾ। ਉਪਰੰਤ ਮੌਕੇ 'ਤੇ ਐੱਸ. ਐੱਚ. ਓ. ਗੁਰਿੰਦਰਜੀਤ ਸਿੰਘ ਨਾਗਰਾ ਨੇ ਪਹੁੰਚ ਕੇ ਆੜ੍ਹਤੀਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਇਹ ਮੰਗ ਨੂੰ ਐੱਸ. ਡੀ. ਐੱਮ ਟਾਂਡਾ ਅਤੇ ਡੀ.ਸੀ ਹੁਸ਼ਿਆਰਪੁਰ ਦੇ ਧਿਆਨ ਵਿਚ ਲਿਆ ਕੇ ਉਨ੍ਹਾਂ ਦਾ ਮਾਮਲਾ ਜਲਦ ਹੱਲ ਕਰ ਦਿੱਤਾ ਜਾਵੇਗਾ। ਇਸ ਗੱਲਬਾਤ ਮਗਰੋਂ ਆੜ੍ਹਤੀਆਂ ਵੱਲੋਂ ਜਾਮ ਖੋਲ ਦਿੱਤਾ ਗਿਆ ਜਦਕਿ ਧਰਨਾ ਖਬਰ ਲਿਖੇ ਜਾਣ ਤਕ ਜਾਰੀ ਸੀ।