- Updated: April 06, 2026 07:28 PM
ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਦੇ ਕੋਰਟ ਕੰਪਲੈਕਸ ਨੂੰ ਕਿਸੇ ਅਣਪਛਾਤੇ ਵੱਲੋਂ ਈ-ਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਇਲਾਕੇ ’ਚ ਤਰਥੱਲੀ ਮਚ ਗਈ। ਬਾਅਦ ਦੁਪਹਿਰ ਕਰੀਬ 3.15 ਵਜੇ ਜ਼ਿਲ੍ਹਾ ਅਦਾਲਤੀ ਕੰਪਲੈਕਸ ਨੂੰ ਤੁਰੰਤ ਖਾਲੀ ਕਰਵਾ ਲਿਆ ਗਿਆ।

ਜੁਡੀਸ਼ੀਅਲ ਅਧਿਕਾਰੀਆਂ ਨੇ ਧਮਕੀ ਸਬੰਧੀ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ, ਜਿਸ ਤੋਂ ਤੁਰੰਤ ਬਾਅਦ ਨਵਾਂਸ਼ਹਿਰ ਸਬ-ਡਵੀਜ਼ਨ ਦੇ ਡੀ. ਐੱਸ. ਪੀ ਰਾਜਕੁਮਾਰ ਅਤੇ ਥਾਣਾ ਸਿਟੀ ਨਵਾਂਸ਼ਹਿਰ ਦੇ ਐੱਸ.ਐੱਚ.ਓ. ਇੰਸਪੈਕਟਰ ਅਵਤਾਰ ਸਿੰਘ ਅਤੇ ਥਾਣਾ ਸਦਰ ਦੀ ਅਗਵਾਈ ਹੇਠ ਏ. ਆਰ. ਪੀ., ਐਂਟੀ ਸਾਬੋਟੇਜ ਅਤੇ ਡੌਗ ਸਕੁਐਡ ਦੀਆਂ ਟੀਮਾਂ ਮੌਕੇ ’ਤੇ ਪਹੁੰਚੀਆਂ ਅਤੇ ਅਦਾਲਤੀ ਕੰਪਲੈਕਸ ਦੇ ਚੱਪੇ-ਚੱਪੇ ਦੀ ਬਾਰੀਕੀ ਨਾਲ ਜਾਂਚ ਕੀਤੀ। ਇਸ ਤੋਂ ਪਹਿਲਾਂ ਪੁਲਸ ਨੇ ਸਾਰੇ ਵਕੀਲਾਂ, ਮੁਲਾਜ਼ਮਾਂ ਅਤੇ ਆਮ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ।

ਡੀ. ਐੱਸ. ਪੀ. ਰਾਜਕੁਮਾਰ ਨੇ ਦੱਸਿਆ ਕਿ ਡੌਗ ਸਕੁਐਡ ਅਤੇ ਬੰਬ ਨਿਰੋਧਕ ਯੰਤਰਾਂ ਨਾਲ ਪੂਰੇ ਅਦਾਲਤੀ ਕੰਪਲੈਕਸ ਦੀ ਚੈਕਿੰਗ ਕਰਨ ਤੋਂ ਬਾਅਦ ਕੋਈ ਵੀ ਸ਼ੱਕੀ ਵਸਤੂ ਨਹੀਂ ਮਿਲੀ, ਜਿਸ ਕਾਰਨ ਪ੍ਰਸ਼ਾਸਨ ਨੇ ਸੁੱਖ ਦਾ ਸਾਹ ਲਿਆ ਅਤੇ ਅਦਾਲਤੀ ਕੰਮ ਮੁੜ ਸ਼ੁਰੂ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਤਾਮਿਲਨਾਡੂ ਦੇ ਕਿਸੇ ਸੰਗਠਨ ਵੱਲੋਂ ਭੇਜੀ ਗਈ ਈਮੇਲ ਵਿਚ ਪੰਜਾਬ ਦੇ ਤਿੰਨ ਅਦਾਲਤੀ ਕੰਪਲੈਕਸਾਂ ਨੂੰ ਬੰਬਾਂ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।