ਆਸਾਮ ਐਗਜ਼ਿਟ ਪੋਲ ਮੁਤਾਬਕ NDA ਦੀ ਹੂੰਝਾ ਫੇਰ ਜਿੱਤ, ਕਾਂਗਰਸ ਗਠਜੋੜ ਪਛੜਿਆ

ਆਸਾਮ ਐਗਜ਼ਿਟ ਪੋਲ ਮੁਤਾਬਕ NDA ਦੀ ਹੂੰਝਾ ਫੇਰ ਜਿੱਤ, ਕਾਂਗਰਸ ਗਠਜੋੜ ਪਛੜਿਆ

ਆਸਾਮ ਵਿੱਚ ਵਿਧਾਨ ਸਭਾ ਚੋਣਾਂ ਦੀ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਹੁਣ ਸਾਰਿਆਂ ਦੀਆਂ ਨਜ਼ਰਾਂ ਨਤੀਜਿਆਂ 'ਤੇ ਟਿਕੀਆਂ ਹੋਈਆਂ ਹਨ। ਇਸ ਦੌਰਾਨ 'ਐਕਸਿਸ ਮਾਈ ਇੰਡੀਆ' (Axis My India) ਦੇ ਐਗਜ਼ਿਟ ਪੋਲ ਨੇ ਸੂਬੇ ਵਿੱਚ ਮੁੜ ਭਾਜਪਾ ਦੀ ਅਗਵਾਈ ਵਾਲੇ ਐਨ.ਡੀ.ਏ. (NDA) ਦੀ ਸਰਕਾਰ ਬਣਨ ਦਾ ਮਜ਼ਬੂਤ ਅੰਦਾਜ਼ਾ ਲਗਾਇਆ ਹੈ। ਐਗਜ਼ਿਟ ਪੋਲ ਦੇ ਅੰਕੜਿਆਂ ਮੁਤਾਬਕ ਆਸਾਮ ਵਿੱਚ ਕਾਂਗਰਸ ਨੂੰ ਇੱਕ ਵਾਰ ਫਿਰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਐਗਜ਼ਿਟ ਪੋਲ ਦੇ ਅੰਕੜਿਆਂ ਅਨੁਸਾਰ ਆਸਾਮ ਦੀਆਂ ਕੁੱਲ 126 ਵਿਧਾਨ ਸਭਾ ਸੀਟਾਂ ਵਿੱਚੋਂ ਬਹੁਮਤ ਦਾ ਅੰਕੜਾ (64) ਪਾਰ ਕਰਦਿਆਂ NDA ਵੱਡੀ ਜਿੱਤ ਵੱਲ ਵਧ ਰਹੀ ਹੈ।
•NDA (ਭਾਜਪਾ+): 88 ਤੋਂ 100 ਸੀਟਾਂ ਮਿਲਣ ਦਾ ਅੰਦਾਜ਼ਾ।
•ਕਾਂਗਰਸ (ਯੂਨਾਈਟਿਡ ਓਪੋਜ਼ੀਸ਼ਨ ਫਰੰਟ): 36 ਤੋਂ 40 ਸੀਟਾਂ ਤੱਕ ਸਿਮਟ ਸਕਦੀ ਹੈ।
•ਹੋਰ: 0 ਤੋਂ 2 ਸੀਟਾਂ ਮਿਲਣ ਦੀ ਸੰਭਾਵਨਾ ਹੈ।

ਕਾਂਗਰਸ ਨੇ ਇਸ ਵਾਰ ਕਈ ਖੇਤਰੀ ਪਾਰਟੀਆਂ ਨਾਲ ਗਠਜੋੜ ਕਰਕੇ ਚੋਣ ਮੈਦਾਨ ਵਿੱਚ ਉਤਰੀ ਸੀ, ਪਰ ਐਗਜ਼ਿਟ ਪੋਲ ਦੱਸਦੇ ਹਨ ਕਿ ਇਹ ਗਠਜੋੜ ਵੋਟਰਾਂ ਨੂੰ ਲੁਭਾਉਣ ਵਿੱਚ ਨਾਕਾਮ ਰਿਹਾ। ਐਗਜ਼ਿਟ ਪੋਲ ਮੁਤਾਬਕ ਕਾਂਗਰਸ ਨੂੰ ਸਿਰਫ਼ 36 ਤੋਂ 40 ਸੀਟਾਂ ਨਾਲ ਹੀ ਸਬਰ ਕਰਨਾ ਪੈ ਸਕਦਾ ਹੈ, ਜੋ ਕਿ ਸਰਕਾਰ ਬਣਾਉਣ ਦੇ ਅੰਕੜੇ ਤੋਂ ਕਾਫ਼ੀ ਦੂਰ ਹੈ।

ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਇਹ ਐਗਜ਼ਿਟ ਪੋਲ ਨਤੀਜਿਆਂ 'ਚ ਬਦਲਦੇ ਹਨ, ਤਾਂ ਇਸ ਦਾ ਮਤਲਬ ਹੈ ਕਿ ਆਸਾਮ ਦੇ ਲੋਕਾਂ ਨੇ ਡਬਲ ਇੰਜਣ ਦੀ ਸਰਕਾਰ, ਵਿਕਾਸ ਕਾਰਜਾਂ ਅਤੇ ਸਥਿਰਤਾ 'ਤੇ ਮੁਹਰ ਲਗਾਈ ਹੈ। ਖਾਸ ਕਰਕੇ ਬੁਨਿਆਦੀ ਢਾਂਚੇ ਤੇ ਸੁਰੱਖਿਆ ਦੇ ਮੁੱਦਿਆਂ 'ਤੇ ਭਾਜਪਾ ਦਾ ਪਲੜਾ ਭਾਰੀ ਰਿਹਾ ਜਾਪਦਾ ਹੈ।

ਹਾਲਾਂਕਿ ਇਹ ਸਿਰਫ਼ ਐਗਜ਼ਿਟ ਪੋਲ ਦੇ ਅੰਦਾਜ਼ੇ ਹਨ ਅਤੇ ਅਸਲ ਤਸਵੀਰ ਵੋਟਾਂ ਦੀ ਗਿਣਤੀ ਤੋਂ ਬਾਅਦ ਹੀ ਸਾਫ਼ ਹੋਵੇਗੀ। ਕਾਂਗਰਸ ਉਮੀਦ ਜਤਾ ਰਹੀ ਹੈ ਕਿ ਅਸਲ ਨਤੀਜੇ ਇਨ੍ਹਾਂ ਅੰਦਾਜ਼ਿਆਂ ਤੋਂ ਉਲਟ ਹੋਣਗੇ, ਜਦਕਿ ਭਾਜਪਾ ਖੇਮੇ ਵਿੱਚ ਹੁਣੇ ਤੋਂ ਹੀ ਜਸ਼ਨ ਦਾ ਮਾਹੌਲ ਬਣਨਾ ਸ਼ੁਰੂ ਹੋ ਗਿਆ ਹੈ।