ਰਚਿਆ ਇਤਿਹਾਸ: ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ 2023 ’ਚ ਨੀਰਜ ਚੋਪੜਾ ਨੇ ਜਿੱਤਿਆ ‘ਗੋਲਡ’,CM ਮਾਨ ਤੇ PM ਮੋਦੀ ਨੇ ਦਿੱਤੀ ਵਧਾਈ

ਰਚਿਆ ਇਤਿਹਾਸ: ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ 2023 ’ਚ ਨੀਰਜ ਚੋਪੜਾ ਨੇ ਜਿੱਤਿਆ ‘ਗੋਲਡ’,CM ਮਾਨ ਤੇ PM ਮੋਦੀ ਨੇ ਦਿੱਤੀ ਵਧਾਈ

ਨੀਰਜ ਚੋਪੜਾ ਨੇ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਦੀ ਜੈਵਲਿਨ ਥ੍ਰੋਅ ਪ੍ਰਤੀਯੋਗਿਤਾ ’ਚ ਸੋਨ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਤੇ ਇਹ ਉਪਲੱਬਧੀ ਹਾਸਲ ਕਰਨ ਵਾਲਾ ਉਹ ਪਹਿਲਾ ਭਾਰਤੀ ਐਥਲੀਟ ਬਣ ਗਿਆ ਹੈ। ਟੋਕੀਓ ਓਲੰਪਿਕ ਸੋਨ ਤਮਗਾ ਜੇਤੂ ਨੀਰਜ ਨੇ ਆਪਣੀ ਦੂਜੀ ਕੋਸ਼ਿਸ਼ ’ਚ 88.17 ਮੀਟਰ ਦੀ ਸਰਵਸ੍ਰੇਸ਼ਠ ਥ੍ਰੋਅ ਕਰਕੇ ਚੋਟੀ ਦਾ ਸਥਾਨ ਹਾਸਲ ਕੀਤਾ। ਪਾਕਿਸਤਾਨ ਦੇ ਅਰਸ਼ਦ ਨਦੀਮ ਨੇ 87.82 ਮੀਟਰ ਦੀ ਸਰਵਸ੍ਰੇਸ਼ਠ ਥ੍ਰੋਅ ਦੇ ਨਾਲ ਚਾਂਦੀ ਤੇ ਚੈੱਕ ਗਣਰਾਜ ਦੇ ਯਾਕੂਬ ਵਾਲੇਸ਼ ਨੇ ਕਾਂਸੀ ਤਮਗਾ ਜਿੱਤਿਆ।

ਭਾਰਤ ਦਾ ਕਿਸ਼ੋਰ ਜੇਨਾ 5ਵੇਂ ਸਥਾਨ ’ਤੇ ਰਿਹਾ, ਜਿਸ ਨੇ ਆਪਣਾ ਵਿਅਕਤੀਗਤ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦੇ ਹੋਏ 84.77 ਮੀਟਰ ਦੀ ਸਰਵਸ੍ਰੇਸ਼ਠ ਥ੍ਰੋਅ ਕੀਤੀ। ਉੱਥੇ ਹੀ ਡੀ. ਪੀ. ਮਨੂ ਛੇਵੇਂ ਸਥਾਨ ’ਤੇ ਰਿਹਾ, ਜਿਸ ਦੀ ਸਰਵਸ੍ਰੇਸ਼ਠ ਥ੍ਰੋਅ 84.14 ਮੀਟਰ ਦੀ ਸੀ। ਜ਼ਿਕਰਯੋਗ ਹੈ ਕਿ ਪਹਿਲੀ ਵਾਰ ਵਿਸ਼ਵ ਚੈਂਪੀਅਨਸ਼ਿਪ ’ਚ ਖੇਡ ਰਹੇ ਜੇਨਾ ਦਾ ਵੀਜ਼ਾ ਪਹਿਲਾਂ ਦਿੱਲੀ ’ਚ ਹੰਗਰੀ ਦੀ ਅੰਬੈਸੀ ਨੇ ਰੱਦ ਕਰ ਦਿੱਤਾ ਸੀ ਪਰ ਅਗਲੇ ਦਿਨ ਉਸ ਨੂੰ ਵੀਜ਼ਾ ਮਿਲ ਗਿਆ ਸੀ । ਇਹ ਪਹਿਲੀ ਵਾਰ ਸੀ ਜਦੋਂ ਵਿਸ਼ਵ ਚੈਂਪੀਅਨਸ਼ਿਪ ’ਚ ਤਿੰਨ ਭਾਰਤੀਆਂ ਨੇ ਇਕੱਠੇ ਕਿਸੇ ਪ੍ਰਤੀਯੋਗਿਤਾ ਦੇ ਫਾਈਨਲ ’ਚ ਜਗ੍ਹਾ ਬਣਾਈ ਸੀ।

CM ਮਾਨ ਨੇ ਵਧਾਈ ਦਿੰਦਿਆਂ ‘ਐਕਸ’ (ਪਹਿਲਾ ਟਵਿੱਟਰ) ‘ਤੇ ਲਿਖਿਆ, ਬੁੱਢਾਪੈਸਟ ‘ਚ ਚੱਲ ਰਹੀ ਵਿਸ਼ਵ ਅਥਲੈਟਿਕ ਚੈਪੀਅਨਸ਼ਿਪ ‘ਚ ਭਾਰਤ ਵੱਲੋਂ ਨੀਰਜ ਚੋਪੜਾ ਨੇ ਇਤਿਹਾਸ ਰਚ ਦਿੱਤਾ ਹੈ। ਨੀਰਜ ਨੇ 88.17 ਮੀਟਰ ਦੂਰ ਨੇਜਾ ਸੁੱਟ ਕੇ ਸੋਨ ਤਮਗਾ ਭਾਰਤ ਦੇ ਨਾਮ ਕੀਤਾ ਹੈ। ਦੇਸ਼ ਨੂੰ ਨੀਰਜ ‘ਤੇ ਹਮੇਸ਼ਾ ਮਾਣ ਹੈ …ਚੱਕਦੇ ਇੰਡੀਆ..

PM ਮੋਦੀ ਨੇ ਵਧਾਈ ਦਿੰਦਿਆਂ ‘ਐਕਸ’ (ਪਹਿਲਾ ਟਵਿੱਟਰ) ‘ਤੇ ਲਿਖਿਆ,ਪ੍ਰਤਿਭਾਸ਼ਾਲੀ @Neeraj_chopra1 ਉੱਤਮਤਾ ਦੀ ਮਿਸਾਲ ਦਿੰਦਾ ਹੈ। ਉਸ ਦਾ ਸਮਰਪਣ, ਸ਼ੁੱਧਤਾ ਅਤੇ ਜਨੂੰਨ ਉਸ ਨੂੰ ਅਥਲੈਟਿਕਸ ਵਿੱਚ ਸਿਰਫ਼ ਇੱਕ ਚੈਂਪੀਅਨ ਹੀ ਨਹੀਂ ਸਗੋਂ ਸਮੁੱਚੇ ਖੇਡ ਜਗਤ ਵਿੱਚ ਬੇਮਿਸਾਲ ਉੱਤਮਤਾ ਦਾ ਪ੍ਰਤੀਕ ਬਣਾਉਂਦਾ ਹੈ।ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਜਿੱਤਣ ਲਈ ਉਸ ਨੂੰ ਵਧਾਈ।

ਵਿਸ਼ਵ ਚੈਂਪੀਅਨਸ਼ਿਪ ’ਚ ਇਹ ਪਹਿਲਾ ਸੋਨ ਤਮਗਾ
ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਦੇ ਇਤਿਹਾਸ ’ਚ ਭਾਰਤ ਦਾ ਇਹ ਪਹਿਲਾ ਸੋਨ ਤਮਗਾ ਤੇ ਓਵਰਆਲ ਤੀਜਾ ਤਮਗਾ ਹੈ। ਪਿਛਲੇ ਸੈਸ਼ਨ ’ਚ ਨੀਰਜ ਨੇ ਚਾਂਦੀ ਤੇ ਮਹਿਲਾ ਲੌਂਗ ਜੰਪਰ ਅੰਜੂ ਬਾਬੀ ਜਾਰਜ ਨੇ 2003 ’ਚ ਕਾਂਸੀ ਤਮਗਾ ਜਿੱਤਿਆ ਸੀ। ਭਾਰਤ ਨੇ ਪਹਿਲੀ ਵਾਰ 1983 ’ਚ ਵਿਸ਼ਵ ਚੈਂਪੀਅਨਸ਼ਿਪ ’ਚ ਹਿੱਸਾ ਲਿਆ ਸੀ।

ਹੁਣ ਚੋਪੜਾ ਦੇ ਨਾਂ ਖੇਡ ਦੇ ਸਾਰੇ ਖ਼ਿਤਾਬ
ਹੁਣ ਨੀਰਜ ਚੋਪੜਾ ਦੇ ਨਾਂ ਖੇਡ ਦੇ ਸਾਰੇ ਖ਼ਿਤਾਬ ਹੋ ਗਏ ਹਨ। ਉਸ ਨੇ ਏਸ਼ੀਆਈ ਖੇਡਾਂ (2018), ਰਾਸ਼ਟਰਮੰਡਲ ਖੇਡਾਂ (2018) ਦੇ ਸੋਨ ਤਮਗੇ ਤੋਂ ਇਲਾਵਾ ਚਾਰ ਡਾਇਮੰਡ ਲੀਗ ਖਿਤਾਬ ਤੇ ਪਿਛਲੇ ਸਾਲ ਡਾਇਮੰਡ ਲੀਗ ਚੈਂਪੀਅਨ ਟਰਾਫੀ ਜਿੱਤੀ। ਉਹ 2016 ’ਚ ਜੂਨੀਅਰ ਵਿਸ਼ਵ ਚੈਂਪੀਅਨ ਰਿਹਾ ਤੇ 2017 ’ਚ ਏਸ਼ੀਆਈ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ।

ਇਕ ਹੀ ਸਮੇਂ ’ਚ ਓਲੰਪਿਕ ਤੇ ਵਿਸ਼ਵ ਖਿਤਾਬ ਜਿੱਤਣ ਵਾਲਾ ਤੀਜਾ ਖਿਡਾਰੀ ਬਣਿਆ ਨੀਰਜ
ਨੀਰਜ ਚੋਪੜਾ ਇਕ ਹੀ ਸਮੇਂ ’ਚ ਓਲੰਪਿਕ ਤੇ ਵਿਸ਼ਵ ਖਿਤਾਬ ਜਿੱਤਣ ਵਾਲਾ ਤੀਜਾ ਜੈਵਲਿਨ ਥ੍ਰੋਅਰ ਬਣ ਗਿਆ ਹੈ। ਉਸ ਤੋਂ ਪਹਿਲਾਂ ਚੈੱਕ ਗਣਰਾਜ ਦੇ ਜਾਨ ਜੇਲੇਜਨੀ ਨੇ 1992, 1996 ਤੇ 2000 ’ਚ ਓਲੰਪਿਕ ਖਿਤਾਬ ਜਿੱਤੇ ਸਨ, ਜਦਕਿ 1993, 1995 ਤੇ 2001 ਵਿਚ ਵਿਸ਼ਵ ਚੈਂਪੀਅਨਸ਼ਿਪ ਜਿੱਤੀ ਸੀ।

ਬਿੰਦ੍ਰਾ ਤੋਂ ਬਾਅਦ ਦੂਜਾ ਭਾਰਤੀ
ਨਿਸ਼ਾਨੇਬਾਜ਼ ਅਭਿਨਵ ਬਿੰਦ੍ਰਾ ਤੋਂ ਬਾਅਦ ਇਕ ਹੀ ਸਮੇਂ ’ਚ ਓਲੰਪਿਕ ਤੇ ਵਿਸ਼ਵ ਚੈਂਪੀਅਨ ਖਿਤਾਬ ਜਿੱਤਣ ਵਾਲਾ ਨੀਰਜ ਚੋਪੜਾ ਦੂਜਾ ਭਾਰਤੀ ਬਣ ਗਿਆ ਹੈ। ਬਿੰਦ੍ਰਾ ਨੇ 23 ਸਾਲ ਦੀ ਉਮਰ ’ਚ ਵਿਸ਼ਵ ਚੈਂਪੀਅਨਸ਼ਿਪ ਤੇ 25 ਸਾਲ ਦੀ ਉਮਰ ’ਚ ਓਲੰਪਿਕ ਸੋਨ ਤਮਗਾ ਜਿੱਤਿਆ ਸੀ।