ਭਾਰਤੀ ਕੰਪਨੀਆਂ ਨੂੰ ਨੇਪਾਲ ਦੇ ਪ੍ਰਧਾਨ ਮੰਤਰੀ ਪ੍ਰਚੰਡ ਨੇ ਦਿੱਤਾ ਨਿਵੇਸ਼ ਕਰਨ ਦਾ ਸੱਦਾ

ਭਾਰਤੀ ਕੰਪਨੀਆਂ ਨੂੰ ਨੇਪਾਲ ਦੇ ਪ੍ਰਧਾਨ ਮੰਤਰੀ ਪ੍ਰਚੰਡ ਨੇ ਦਿੱਤਾ ਨਿਵੇਸ਼ ਕਰਨ ਦਾ ਸੱਦਾ

ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦਹਿਲ ‘ਪ੍ਰਚੰਡ’ ਨੇ ਵੀਰਵਾਰ ਨੂੰ ਭਾਰਤੀ ਕੰਪਨੀਆਂ ਨੂੰ ਨਿਵੇਸ਼ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਮਾਈਨਿੰਗ, ਮੈਨੂਫੈਕਚਰਿੰਗ, ਖੇਤੀਬਾੜੀ, ਊਰਜਾ, ਸੈਰ-ਸਪਾਟਾ, ਬੁਨਿਆਦੀ ਢਾਂਚਾ ਅਤੇ ਸੂਚਨਾ ਤਕਨਾਲੋਜੀ ਵਰਗੇ ਖੇਤਰਾਂ ਵਿਚ ਕਾਰੋਬਾਰ ਦੇ ਵੱਡੇ ਮੌਕੇ ਹਨ। ਉਨ੍ਹਾਂ ਕਿਹਾ ਕਿ ਨੇਪਾਲ ਕੁਦਰਤੀ ਸਰੋਤਾਂ, ਵੱਡੀ ਮਾਤਰਾ ਵਿਚ ਮਨੁੱਖੀ ਪੂੰਜੀ, ਅਨੁਕੂਲ ਨੀਤੀਆਂ, ਬਾਜ਼ਾਰ ਅਤੇ ਰੈਗੂਲੇਟਰੀ ਢਾਂਚੇ ਦੇ ਨਾਲ ਨਿਵੇਸ਼ ਲਈ ਇਕ ਆਕਰਸ਼ਕ ਸਥਾਨ ਹੈ।

ਉਦਯੋਗ ਸੰਸਥਾ ਸੀ.ਆਈ.ਆਈ. ਦੇ ਭਾਰਤ-ਨੇਪਾਲ ਵਪਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ, ਪ੍ਰਚੰਡ ਨੇ ਕਿਹਾ, "ਨੇਪਾਲ ਅਤੇ ਭਾਰਤ ਤੋਂ ਇਲਾਵਾ ਕੋਈ ਵੀ ਦੇਸ਼ ਇੰਨੀ ਗੂੜ੍ਹੀ ਦੋਸਤੀ ਅਤੇ ਡੂੰਘੀ ਸੱਭਿਆਚਾਰਕ ਸਮਾਨਤਾ ਸਾਂਝੀ ਨਹੀਂ ਕਰਦਾ ਹੈ। ਇਹ ਸਮਾਨਤਾ ਇਕ ਉਤਸ਼ਾਹਜਨਕ ਅਨੁਕੂਲ ਵਪਾਰਕ ਮਾਹੌਲ ਪ੍ਰਦਾਨ ਕਰਦੀ ਹੈ।” ਉਨ੍ਹਾਂ ਨੇ ਅੱਗੇ ਕਿਹਾ, “ਇਸ ਤੋਂ ਇਲਾਵਾ, ਦੋਵੇਂ ਸਰਕਾਰਾਂ ਵਿਕਾਸ ਦੇ ਲੈਂਡਸਕੇਪ ਨੂੰ ਬਦਲਣ ਲਈ ਦਲੇਰ ਫ਼ੈਸਲੇ ਲੈ ਕੇ ਅੱਗੇ ਵਧ ਰਹੀਆਂ ਹਨ। ਨਿੱਜੀ ਖੇਤਰ ਨੂੰ ਵੀ ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਅੱਗੇ ਵਧਣ ਦੀ ਲੋੜ ਹੈ ਕਿਉਂਕਿ ਉਹ ਵਿਕਾਸ ਦਾ ਇਕ ਸ਼ਕਤੀਸ਼ਾਲੀ ਇੰਜਣ ਹਨ।" ਉਨ੍ਹਾਂ ਨੇ ਇਹ ਵੀ ਕਿਹਾ ਕਿ ਨੇਪਾਲ ਦੀ ਵਿਦੇਸ਼ੀ ਨਿਵੇਸ਼ ਨੀਤੀ ਉਦਾਰ ਹੈ ਅਤੇ ਉਨ੍ਹਾਂ ਦੀ ਸਰਕਾਰ ਨੇ ਵਿਦੇਸ਼ੀ ਨਿਵੇਸ਼ ਲਈ ਲਗਭਗ ਹਰ ਖੇਤਰ ਨੂੰ ਖੋਲ੍ਹ ਦਿੱਤਾ ਹੈ। ਪ੍ਰਚੰਡ ਨੇ ਕਿਹਾ ਕਿ ਨੇਪਾਲ ਅਜੇ ਉਦਯੋਗੀਕਰਨ ਦੇ ਸ਼ੁਰੂਆਤੀ ਪੜਾਅ 'ਤੇ ਹੈ। ਹਰ ਖੇਤਰ ਵਿਚ ਨਿਵੇਸ਼ ਲਾਭਦਾਇਕ ਹੈ। ਉਨ੍ਹਾਂ ਕਿਹਾ ਕਿ ਨੇਪਾਲ ਵਿਚ ਘੱਟ ਕਸਟਮ ਡਿਊਟੀ, ਸਰਲ ਟੈਕਸ ਪ੍ਰਣਾਲੀ ਅਤੇ ਆਪਣੇ ਦੇਸ਼ ਵਿਚ ਆਮਦਨ ਭੇਜਣ ਦੀ ਆਜ਼ਾਦੀ ਹੈ।

ਪ੍ਰਧਾਨ ਮੰਤਰੀ ਪ੍ਰਚੰਡ ਨੇ ਕਿਹਾ, “ਅਸੀਂ ਤੁਹਾਨੂੰ ਨਿਵੇਸ਼ ਦੀ ਪੂਰੀ ਸੁਰੱਖਿਆ ਦਾ ਭਰੋਸਾ ਦਿੰਦੇ ਹਾਂ। ਅਸੀਂ ਆਪਣੀ ਨਿਵੇਸ਼ ਪ੍ਰਣਾਲੀ ਵਿਚ ਸੁਧਾਰ ਕਰਨਾ ਜਾਰੀ ਰੱਖਾਂਗੇ। ਅਸੀਂ ਐੱਫ.ਡੀ.ਆਈ. ਦੀ ਮਨਜ਼ੂਰੀ ਲਈ ਇਕ ਆਟੋਮੈਟਿਕ ਰੂਟ ਤਿਆਰ ਕੀਤਾ ਹੈ। ਨੇਪਾਲ ਦੇ ਕੇਂਦਰੀ ਬੈਂਕ ਨੇ ਸੱਤ ਦਿਨਾਂ ਦੇ ਅੰਦਰ ਕਮਾਈ ਦੀ ਵਾਪਸੀ ਨੂੰ ਮਨਜ਼ੂਰੀ ਦਿੱਤੀ। ਨੇਪਾਲ ਦਾ ਨਿਵੇਸ਼ ਬੋਰਡ ਇੱਕੋ ਥਾਂ ਸਾਰੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ।” ਉਨ੍ਹਾਂ ਇਹ ਵੀ ਕਿਹਾ ਕਿ ਸਰਹੱਦੀ ਖੇਤਰਾਂ ਵਿਚ ਆਧੁਨਿਕ ਬੁਨਿਆਦੀ ਢਾਂਚਾ ਸਰਹੱਦ ਪਾਰ ਨਿਵੇਸ਼ ਅਤੇ ਉਦਯੋਗੀਕਰਨ ਦੇ ਮੌਕੇ ਪ੍ਰਦਾਨ ਕਰਦਾ ਹੈ। ਇਸ ਪ੍ਰੋਗਰਾਮ ਵਿਚ ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ MSME (ਮਾਈਕਰੋ, ਸਮਾਲ ਅਤੇ ਮੀਡੀਅਮ ਇੰਟਰਪ੍ਰਾਈਜਿਜ਼) ਲਈ ਸਹਿਯੋਗ ਵਧਾਉਣ ਦੀ ਬਹੁਤ ਗੁੰਜਾਇਸ਼ ਹੈ। ਦੋਵਾਂ ਦੇਸ਼ਾਂ ਵਿਚਾਲੇ 2022-23 ਵਿਚ ਵਪਾਰ 8.9 ਅਰਬ ਡਾਲਰ ਸੀ, ਜੋ 2021-22 ਵਿਚ 11 ਬਿਲੀਅਨ ਡਾਲਰ ਸੀ।