- Updated: June 20, 2026 09:34 PM
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ ਰੱਖਿਆ ਮੰਤਰੀ ਇਜ਼ਰਾਈਲ ਕਾਟਜ਼ ਨੇ ਇਜ਼ਰਾਈਲੀ ਫੌਜ ਨੂੰ ਦੱਖਣੀ ਲੇਬਨਾਨ ਵਿਚ ਹਮਲੇ ਰੋਕਣ ਦੇ ਹੁਕਮ ਦਿੱਤੇ ਹਨ। ਇਜ਼ਰਾਈਲੀ ਬ੍ਰੌਡਕਾਸਟਰ ਚੈਨਲ 12 ਦੀ ਰਿਪੋਰਟ ਅਨੁਸਾਰ, ਇਹ ਅਹਿਮ ਫੈਸਲਾ ਅਮਰੀਕਾ ਦੇ ਨਾਲ ਤਾਲਮੇਲ ਕਰਕੇ ਲਿਆ ਗਿਆ ਹੈ।
ਕਬਜ਼ੇ ਵਾਲੇ ਖੇਤਰਾਂ ਵਿਚ ਤਾਇਨਾਤ ਰਹੇਗੀ ਫੌਜ
ਰਿਪੋਰਟ ਵਿੱਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਹਮਲੇ ਰੋਕਣ ਦੇ ਬਾਵਜੂਦ, ਇਜ਼ਰਾਈਲੀ ਫੌਜ ਅਜੇ ਕਬਜ਼ੇ ਵਾਲੇ ਇਲਾਕਿਆਂ ਤੋਂ ਪਿੱਛੇ ਨਹੀਂ ਹਟੇਗੀ। ਇਸ ਕਦਮ ਨੂੰ ਖੇਤਰ ਵਿੱਚ ਤਣਾਅ ਘਟਾਉਣ ਦੀ ਇੱਕ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ।
ਲੇਬਨਾਨ ਦੇ ਸਿਹਤ ਮੰਤਰਾਲੇ ਅਨੁਸਾਰ, 2 ਮਾਰਚ ਤੋਂ ਸ਼ੁਰੂ ਹੋਏ ਇਜ਼ਰਾਈਲੀ ਹਮਲਿਆਂ ਵਿੱਚ ਹੁਣ ਤੱਕ ਘੱਟੋ-ਘੱਟ 4,057 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 12,121 ਲੋਕ ਜ਼ਖਮੀ ਹੋਏ ਹਨ। ਦੱਸਿਆ ਗਿਆ ਹੈ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਮੌਤਾਂ ਦੱਖਣੀ ਲੇਬਨਾਨ ਵਿੱਚ ਹੋਈਆਂ ਹਨ। ਇਹ ਐਲਾਨ ਅਜਿਹੇ ਸਮੇਂ ਆਇਆ ਹੈ ਜਦੋਂ ਪੂਰੀ ਦੁਨੀਆ ਦੀਆਂ ਨਜ਼ਰਾਂ ਮੱਧ ਪੂਰਬ ਦੀ ਸਥਿਤੀ 'ਤੇ ਟਿਕੀਆਂ ਹੋਈਆਂ ਹਨ।
ਦੱਸ ਦਈਏ ਕਿ ਇਸ ਤੋਂ ਕੁਝ ਹੀ ਦੇਰ ਪਹਿਲਾਂ ਮੱਧ ਪੂਰਬ 'ਚ ਵਧ ਰਹੇ ਤਣਾਅ ਦੇ ਵਿਚਕਾਰ ਈਰਾਨ ਦੀ ਫੌਜੀ ਕਮਾਂਡ ਨੇ ਐਲਾਨ ਕੀਤਾ ਕਿ ਉਸਨੇ ਤੇਲ ਦੀ ਸਪਲਾਈ ਲਈ ਮਹੱਤਵਪੂਰਨ ਹੋਰਮੁਜ਼ ਨੂੰ ਮੁੜ ਬੰਦ ਕਰ ਦਿੱਤਾ ਹੈ। ਈਰਾਨ ਦੇ ਕੇਂਦਰੀ ਮਿਲਟਰੀ ਕਮਾਂਡ ਅਨੁਸਾਰ, ਇਹ ਕਾਰਵਾਈ ਲੇਬਨਾਨ ਵਿਚ ਇਜ਼ਰਾਈਲ ਵੱਲੋਂ ਕੀਤੇ ਗਏ ਹਮਲਿਆਂ ਦੇ ਵਿਰੋਧ ਵਿਚ ਕੀਤੀ ਗਈ। ਤਹਿਰਾਨ ਨੇ ਇਨ੍ਹਾਂ ਹਮਲਿਆਂ ਨੂੰ ਅਮਰੀਕਾ ਨਾਲ ਹੋਏ ਸਮਝੌਤੇ ਦੀ ਸਪੱਸ਼ਟ ਉਲੰਘਣਾ ਕਰਾਰ ਦਿੱਤਾ ਹੈ।
ਖਾਤਮ-ਅਲ ਅੰਬੀਆ ਕੇਂਦਰੀ ਹੈੱਡਕੁਆਰਟਰ ਵੱਲੋਂ ਸਰਕਾਰੀ ਟੀਵੀ 'ਤੇ ਜਾਰੀ ਬਿਆਨ ਵਿਚ ਕਿਹਾ ਕਿ ਜਹਾਜ਼ਾਂ ਦੀ ਆਵਾਜਾਈ ਨੂੰ ਰੋਕਣਾ 'ਦੁਸ਼ਮਣ ਵੱਲੋਂ ਕੀਤੀ ਗਈ ਵਾਅਦਾ-ਖਿਲਾਫੀ' ਦਾ ਪਹਿਲਾ ਜਵਾਬ ਹੈ। ਬਿਆਨ ਵਿਚ ਇਹ ਵੀ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਇਜ਼ਰਾਈਲੀ ਹਮਲੇ ਜਾਰੀ ਰਹਿੰਦੇ ਹਨ, ਤਾਂ ਦੁਸ਼ਮਣ ਨੂੰ ਆਪਣੀਆਂ ਜ਼ਿੰਮੇਵਾਰੀਆਂ ਮੰਨਣ ਲਈ ਮਜ਼ਬੂਰ ਕਰਨ ਵਾਸਤੇ ਹੋਰ ਸਖ਼ਤ ਕਦਮ ਚੁੱਕੇ ਜਾਣਗੇ।