ਪੰਜਾਬ ਭਾਜਪਾ ਦੇ ਨਵ-ਨਿਯੁਕਤ ਸੂਬਾ ਪ੍ਰਧਾਨ ਸੁਨੀਲ ਜਾਖੜ ਪਹੁੰਚੇ ਅੰਮ੍ਰਿਤਸਰ,ਸ਼੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਪੰਜਾਬ ਭਾਜਪਾ ਦੇ ਨਵ-ਨਿਯੁਕਤ ਸੂਬਾ ਪ੍ਰਧਾਨ ਸੁਨੀਲ ਜਾਖੜ ਪਹੁੰਚੇ ਅੰਮ੍ਰਿਤਸਰ,ਸ਼੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਭਾਰਤੀ ਜਨਤਾ ਪਾਰਟੀ ਦੇ ਨਵ-ਨਿਯੁਕਤ ਸੂਬਾ ਪ੍ਰਧਾਨ ਸੁਨੀਲ ਜਾਖੜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਪਹੁੰਚੇ । ਜਾਖੜ ਦੇ ਨਾਲ-ਨਾਲ ਭਾਜਪਾ ਪੰਜਾਬ ਦੇ ਸੂਬਾ ਇੰਚਾਰਜ ਵਿਜੇ ਰੂਪਾਨੀ, ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ, ਸੰਗਠਨ ਜਨਰਲ ਸਕੱਤਰ ਸ਼੍ਰੀਮੰਤਰੀ ਸ਼੍ਰੀਨਿਵਾਸਲੂ, ਸੂਬਾ ਜਨਰਲ ਸਕੱਤਰ ਜੀਵਨ ਗੁਪਤਾ , ਇਕਬਾਲ ਸਿੰਘ ਲਾਲਪੁਰਾ, ਜਗਮੋਹਨ ਸਿੰਘ ਰਾਜੂ, ਸੋਮ ਪ੍ਰਕਾਸ਼, ਮਨਜਿੰਦਰ ਸਿੰਘ ਸਿਰਸਾ, ਵਿਜੇ ਸਾਂਪਲਾ, ਹਰਜੀਤ ਸਿੰਘ ਗਰੇਵਾਲ ਅਤੇ ਸੂਬਾਈ ਲੀਡਰਸ਼ਿਪ ਸਮੇਤ ਕਈ ਸੀਨੀਅਰ ਆਗੂ ਵੀ ਮੌਜੂਦ ਹਨ।

ਜਾਖੜ ਦਾ ਸਵਾਗਤ ਕਰਨ ਲਈ ਭਾਜਪਾ ਆਗੂ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਦੇ ਬਾਹਰ ਪਹੁੰਚੇ। ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਤੋਂ ਬਾਅਦ ਜਾਖੜ ਸ੍ਰੀ ਦੁਰਗਿਆਣਾ ਮੰਦਿਰ ਤੇ ਸ੍ਰੀ ਵਾਲਮੀਕਿ ਮੰਦਿਰ ਦੇ ਦਰਸ਼ਨ ਕੀਤੇ।

                  Image

ਸੁਨੀਲ ਜਾਖੜ ਨੇ ਕਿਹਾ ਕਿ ਭਾਜਪਾ ਪੰਜਾਬ ਅਤੇ ਪੰਜਾਬੀਅਤ ਲਈ ਲੜਨ ਲਈ ਦ੍ਰਿੜ ਹੈ ਅਤੇ ਇਸ ਲਈ ਸਾਰੇ ਮਿਲ ਕੇ ਕੰਮ ਕਰਾਂਗੇ। ਗੁਰੂ ਘਰ ਸ਼ੁਕਰਾਨਾ ਕਰਨ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਆਏ ਹਾਂ। ਮੈਂ ਗੁਰੂ ਮਹਾਰਾਜ ਅੱਗੇ ਬੇਨਤੀ ਕੀਤੀ ਹੈ ਕਿ ਪੰਜਾਬ ਦਾ ਭਲਾ ਹੋਵੇ। ਮੇਰੀ ਅਰਦਾਸ ਹੈ ਕਿ ਭਾਈਚਾਰਕ ਸਾਂਝ ਲਈ ਕੰਮ ਕੀਤਾ ਜਾਵੇ।

ਸੁਨੀਲ ਜਾਖੜ ਨਾਲ ਹਰਿਮੰਦਰ ਸਾਹਿਬ ਪਹੁੰਚੀ ਸੀਨੀਅਰ ਲੀਡਰਸ਼ਿਪ ਨੇ ਫਿਲਹਾਲ ਅਕਾਲੀ ਦਲ ਨਾਲ ਕਿਸੇ ਵੀ ਤਰ੍ਹਾਂ ਦੇ ਗਠਜੋੜ ਕਰਨ ਤੋਂ ਸਾਫ਼ ਇਨਕਾਰ ਕੀਤਾ ਹੈ।ਦੂਜੇ ਪਾਸੇ ਭਾਜਪਾ ਪੰਜਾਬ ਦੇ ਇੰਚਾਰਜ ਅਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਨੇ ਕਿਹਾ ਕਿ ਭਾਜਪਾ ਪੰਜਾਬ ਵਿੱਚ ਆਪਣੇ ਦਮ ’ਤੇ ਚੋਣਾਂ ਲੜੇਗੀ ਅਤੇ 13 ਵਿੱਚੋਂ 13 ਲੋਕ ਸਭਾ ਸੀਟਾਂ ’ਤੇ ਜਿੱਤ ਹਾਸਲ ਕਰੇਗੀ।ਇਸ ਤੋਂ ਬਾਅਦ ਵੀ ਭਾਜਪਾ 117 ਵਿਧਾਨ ਸਭਾ ਸੀਟਾਂ ਲਈ ਤਿਆਰੀ ਕਰ ਰਹੀ ਹੈ।