- Updated: June 26, 2026 05:45 PM
ਪੰਜਾਬ ਵਿੱਚ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਗਠਜੋੜ ਨੂੰ ਲੈ ਕੇ ਕੌਮੀ ਪ੍ਰਧਾਨ ਨਿਤਿਨ ਨਵੀਨ ਨੇ ਇੱਕ ਵੱਡਾ ਬਿਆਨ ਦਿੱਤਾ ਹੈ। ਭਾਜਪਾ ਪ੍ਰਧਾਨ ਨੇ ਕਿਹਾ ਹੈ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਜਾਂ ਕਿਸੇ ਹੋਰ ਅਕਾਲੀ ਧੜੇ ਨਾਲ ਗਠਜੋੜ ਬਣਾਉਣ ਦਾ ਫੈਸਲਾ ਸਮੇਂ ਸਿਰ ਲਿਆ ਜਾਵੇਗਾ।
ਪੰਜਾਬ ਦੇ ਆਪਣੇ ਹਾਲੀਆ ਦੌਰੇ ਦੌਰਾਨ ਜਲੰਧਰ ਵਿੱਚ ਇੱਕ ਮੀਡੀਆ ਕਾਨਫਰੰਸ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਨਵੀਨ ਨੇ ਕਿਹਾ ਕਿ ਕੁਝ ਮੁੱਦੇ ਸਮੇਂ ਸਿਰ ਹੱਲ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਅੱਜ ਅਸੀਂ ਨਾ ਗਠਜੋੜ ਦੇ ਹੱਕ ‘ਚ ਹਾਂ ਤੇ ਨਾ ਹੀ ਵਿਰੋਧ ‘ਚ, ਸਮਾਂ ਅਤੇ ਹਾਲਾਤ ਪਾਰਟਾ ਦਾ ਫੈਸਲਾ ਤੈਅ ਕਰਨਗੇ। ਉਨ੍ਹਾਂ ਕਿਹਾ ਕਿ ਗਠਜੋੜ ਬਾਰੇ ਫ਼ੈਸਲਾ ਲੈਣ ਲਈ ਅਜੇ ਬਹੁਤ ਸਮਾਂ ਪਿਆ ਹੈ। ਚੋਣਾਂ ਨੇੜੇ ਅਸੀਂ ਇਸ ‘ਤੇ ਮੁੜ ਸਮੀਖਿਆ ਕਰਾਂਗੇ ਤੇ ਜਨਤਾ ਦੀ ਫੀਡਬੈਕ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਪਾਰਟੀ ਨੇ ਹੁਣ ਲਈ ਆਪਣੇ ਦਮ ‘ਤੇ ਅੱਗੇ ਵਧਣ ਦਾ ਫੈਸਲਾ ਕੀਤਾ ਹੈ।
ਉਨ੍ਹਾਂ ਦੁਹਰਾਇਆ ਕਿ ਭਾਜਪਾ ਇਸ ਸਮੇਂ ਪੰਜਾਬ ਦੇ ਹਰ ਵਿਧਾਨ ਸਭਾ ਹਲਕੇ ਵਿੱਚ ਆਪਣੇ ਸੰਗਠਨ ਨੂੰ ਮਜ਼ਬੂਤ ਕਰਨਾ ਚਾਹੁੰਦੀ ਹੈ। ਫਿਲਹਾਲ ਅਸੀਂ ਇਸ ਦਿਸ਼ਾ ਵਿੱਚ ਅੱਗੇ ਵਧ ਰਹੇ ਹਾਂ।
ਨਿਤਿਨ ਨੇ ਕਿਹਾ, “ਅਸੀਂ ਆਪਣੀ ਤਾਕਤ ‘ਤੇ ਅੱਗੇ ਵਧਣਾ ਚਾਹੁੰਦੇ ਹਾਂ। ਸਮੇਂ ਦੇ ਨਾਲ ਕੁਝ ਚੀਜ਼ਾਂ ਸਪੱਸ਼ਟ ਹੋ ਜਾਣਗੀਆਂ। ਸਮਾਂ ਆਉਣ ‘ਤੇ ਅਸੀਂ ਉਨ੍ਹਾਂ ਨੂੰ ਹੱਲ ਕਰਾਂਗੇ।” ਅਗਲੇ ਛੇ ਮਹੀਨਿਆਂ ਵਿੱਚ ਅਸੀਂ ਆਪਣੀ ਮਜ਼ਬੂਤ ਸਥਿਤੀ ਬਣਾਈ ਰੱਖਾਂਗੇ ਅਤੇ ਹਰ ਖੇਤਰ ਵਿੱਚ ਹਰ ਮੁੱਦੇ ਨੂੰ ਉਠਾਵਾਂਗੇ ਅਤੇ ਜਨਤਾ ਨੂੰ ਮਿਲਾਂਗੇ।
ਉਨ੍ਹਾਂ ਕਿਹਾ ਕਿ ਅਗਲੇ ਛੇ ਮਹੀਨਿਆਂ ਲਈ, ਭਾਜਪਾ ਪੰਜਾਬ ਵਿੱਚ ਨਵੇਂ ਸੂਬਾ ਪ੍ਰਧਾਨ ਦੀ ਅਗਵਾਈ ਵਿੱਚ ਆਪਣੀਆਂ ਯੋਜਨਾਵਾਂ ਅਤੇ ਰਣਨੀਤੀਆਂ ਨਾਲ ਅੱਗੇ ਵਧੇਗੀ। ਗੱਠਜੋੜ ਬਣਾਉਣਾ ਹੈ ਜਾਂ ਨਹੀਂ, ਇਹ ਭਵਿੱਖ ਵਿੱਚ ਫੈਸਲਾ ਕੀਤਾ ਜਾਵੇਗਾ। ਅਸੀਂ ਜਨਤਾ ਦੀ ਪ੍ਰਤੀਕਿਰਿਆ ਦੇਖਾਂਗੇ। ਅਸੀਂ ਛੇ ਮਹੀਨਿਆਂ ਬਾਅਦ ਇਸ ਬਾਰੇ ਫੈਸਲਾ ਕਰਾਂਗੇ।