ਅਦਾਲਤ ਵਲੋਂ ਓਪੀ ਸੋਨੀ ਨੂੰ ਨਹੀਂ ਮਿਲੀ ਰਾਹਤ,ਭੇਜਿਆ 14 ਦਿਨਾਂ ਦੀ ਨਿਆਇਕ ਹਿਰਾਸਤ ਚ

ਅਦਾਲਤ ਵਲੋਂ ਓਪੀ ਸੋਨੀ ਨੂੰ ਨਹੀਂ ਮਿਲੀ ਰਾਹਤ,ਭੇਜਿਆ 14 ਦਿਨਾਂ ਦੀ ਨਿਆਇਕ ਹਿਰਾਸਤ ਚ

ਵਿਜੀਲੈਂਸ ਵੱਲੋਂ ਆਮਦਨ ਤੋਂ ਵਧ ਜਾਇਦਾਦ ਬਣਾਉਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤੇ ਗਏ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ। ਵਿਜੀਲੈਂਸ ਨੇ ਉਨ੍ਹਾਂ ਦੇ ਰਿਮਾਂਡ ਦੀ ਮੰਗ ਕੀਤੀ ਸੀ ਪਰ ਅਦਾਲਤ ਨੇ ਸਾਬਕਾ ਉਪ ਮੁੱਖ ਮੰਤਰੀ ਨੂੰ 14 ਦਿਨਾਂ ਲਈ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ।

ਸਾਬਕਾ ਉਪ ਮੁੱਖ ਮੰਤਰੀ ਨੂੰ ਗੁਰੂ ਨਾਨਕ ਦੇਵ ਹਸਪਤਾਲ ਤੋਂ ਸਿੱਧੇ ਕੋਰਟ ਵਿਚ ਲਿਆਂਦਾ ਗਿਆ ਸੀ। ਅਜੇ ਉਨ੍ਹਾਂ ਦੀ ਸਿਹਤ ਵਿਚ ਥੋੜ੍ਹਾ ਸੁਧਾਰ ਹੈ। ਕੋਰਟ ਵਿਚ ਸਾਬਕਾ ਉਪ ਮੁੱਖ ਮੰਤਰੀ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਤਾਂ ਉਨ੍ਹਾਂ ਦੇ ਸਮਰਥਕ ਵੀ ਉਥੇ ਪਹੁੰਚੇ ਸਨ। ਸਮਰਥਕਾਂ ਨੇ ਉਨ੍ਹਾਂ ਨਾਲ ਜੰਮ ਕੇ ਨਾਅਰੇਬਾਜ਼ੀ ਕੀਤੀ।

ਦਰਅਸਲ, 9 ਜੁਲਾਈ ਨੂੰ ਵਿਜੀਲੈਂਸ ਵਲੋਂ ਸੋਨੀ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਗ੍ਰਿਫ਼ਤਾਰੀ ਤੋਂ ਬਾਅਦ ਉਸ ਨੂੰ ਅਦਾਲਤ ਵਲੋਂ 2 ਦਿਨਾਂ ਦੇ ਰਿਮਾਂਡ 'ਤੇ ਭੇਜਿਆ ਗਿਆ ਸੀ। ਉਦੋਂ ਉਨ੍ਹਾਂ ਦੀ ਸਿਹਤ ਵਿਗੜਨ ਕਰ ਕੇ ਉਨ੍ਹਾਂ ਨੂੰ ਫੋਰਟਿਸ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਆਈਸੀਯੂ ਵਿਚ ਹੋਣ ਕਰਕੇ  ਉਨ੍ਹਾਂ ਦੀ ਅਗਲੀ ਪੇਸ਼ੀ ਵੀਡੀਓ ਕਾਨਫਰੰਸ ਰਾਹੀਂ ਹੋਈ ਸੀ।  

ਉਸ ਤੋਂ ਬਾਅਦ ਜਦੋਂ ਅਗਲੇ ਦਿਨ ਵੀ ਵਿਜੀਲੈਂਸ ਵਲੋਂ ਓਪੀ ਸੋਨੀ ਨੂੰ ਅਦਾਲਤ ਵਿਚ ਪੇਸ਼ ਨਹੀਂ ਕੀਤਾ ਗਿਆ ਤਾਂ ਉਸ ਨੂੰ 20 ਜੁਲਾਈ ਤੱਕ ਨਿਆਂਇਕ ਹਿਰਾਸਤ ਵਿਚ ਭੇਜ ਦਿਤਾ ਗਿਆ ਸੀ।

ਵਿਜੀਲੈਂਸ ਮੁਤਾਬਕ ਉਨ੍ਹਾਂ ਨੇ ਸਾਲ 2016 ਤੋਂ ਲੈ ਕੇ ਸਾਲ 2022 ਤੱਕ ਆਮਦਨ ਤੋਂ ਵੱਧ ਜਾਇਦਾਦ ਬਣਾਈ ਹੈ।ਇਕ ਅਪ੍ਰੈਲ 2016 ਤੋਂ ਲੈ ਕੇ 2022 ਤੱਕ ਕੁੱਲ ਆਮਦਨ 4,52,18,771 ਰੁਪਏ ਸੀ ਜਦੋਂ ਕਿ ਉਨ੍ਹਾਂ ਵੱਲੋਂ ਖਰਚ 12,48,42,692 ਰੁਪਏ ਕੀਤਾ ਗਿਆ। ਸੋਨੀ ਵੱਲੋਂ ਕੀਤਾ ਗਿਆ ਇਹ ਖਰਚ ਉਨ੍ਹਾਂ ਦੀ ਆਮਦਨ ਤੋਂ ਵਧ 7,96,23,921 ਰੁਪਏ ਮਤਲਬ 175.08 ਫੀਸਦੀ ਵੱਧ ਸੀ।