- Updated: July 14, 2023 12:04 AM
ਪਾਕਿਸਤਾਨ ਦੇ ਰਾਜ ਪੰਜਾਬ ’ਚ ਔਰਤਾਂ ਦੇ ਖ਼ਿਲਾਫ਼ ਅਪਰਾਧ ਵਿਚ ਬਹੁਤ ਤੇਜ਼ੀ ਨਾਲ ਵਾਧਾ ਹੋਇਆ ਹੈ ਅਤੇ ਪੂਰੇ ਵਿਸ਼ਵ ਵਿਚ ਔਰਤਾਂ ਦੇ ਖ਼ਿਲਾਫ਼ ਹਿੰਸਾ ਮਾਮਲਿਆਂ ’ਚ ਪਹਿਲੇ ਸਥਾਨ ’ਤੇ ਆਇਆ ਹੈ। ਪਹਿਲੇ ਚਾਰ ਮਹੀਨੇ ਜਨਵਰੀ, ਫਰਵਰੀ, ਮਾਰਚ ਅਤੇ ਅਪ੍ਰੈਲ ’ਚ ਔਰਤਾਂ ਦੇ ਵਿਰੁੱਧ ਹਿੰਸਾ ਦੇ 10 ਹਜ਼ਾਰ ਤੋਂ ਜ਼ਿਆਦਾ ਕੇਸ ਦਰਜ ਕੀਤੇ ਗਏ। ਜਦਕਿ ਇਸ ਸਮੇਂ ’ਚ ਪੂਰੇ ਪੰਜਾਬ ਤੋਂ 5551 ਔਰਤਾਂ ਨੂੰ ਅਗਵਾ ਕੀਤਾ ਗਿਆ। ਕੁਝ ਸੰਸਥਾਵਾਂ ਦਾ ਕਹਿਣਾ ਹੈ ਕਿ ਲੋਕਾਂ ਵੱਲੋਂ ਆਪਣੀ ਇੱਜਤ ਦੀ ਖ਼ਾਤਰ ਜਾਂ ਕਾਨੂੰਨੀ ਪੇਂਚੀਦਿਆਂ ’ਚ ਪੈਣ ਤੋਂ ਬਚਨ ਲਈ ਇੰਨੀ ਹੀ ਗਿਣਤੀ ’ਚ ਕੇਸ ਦਰਜ ਨਹੀਂ ਕਰਵਾਏ ਗਏ, ਜਿਸ ਤੋਂ ਲੱਗਦਾ ਹੈ ਕਿ ਔਰਤਾਂ ਦੇ ਖ਼ਿਲਾਫ਼ ਹਿੰਸਾ ਦੇ ਬਹੁਤ ਜ਼ਿਆਦਾ ਕੇਸ ਹੋਏ ਹਨ।
ਸਰਹੱਦ ਪਾਰ ਸੂਤਰਾਂ ਅਨੁਸਾਰ ਪਾਕਿਸਤਾਨ ਸਥਿਤ ਇਕ ਸਮਾਜਿਕ ਵਿਕਾਸ ਸੰਸਥਾ ਵੱਲੋਂ ਕੀਤੀ ਗਈ ਖੋਜ ਅਤੇ ਇਕੱਠੇ ਕੀਤੇ ਗਏ ਅੰਕੜਿਆਂ ਅਨੁਸਾਰ ਪੰਜਾਬ ’ਚ ਔਰਤਾਂ ਵਿਰੁੱਧ ਹਿੰਸਾ ਦੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ ਹਨ। ਰਿਪੋਰਟ ਮੁਤਾਬਕ ਇਨ੍ਹਾਂ ਚਾਰ ਮਹੀਨਿਆਂ ’ਚ ਔਰਤਾਂ ਵਿਰੁੱਧ ਹਿੰਸਾ ਦੇ ਕਰੀਬ 10,000 ਵੱਡੇ ਮਾਮਲੇ ਸਾਹਮਣੇ ਆਏ ਹਨ, ਜਦਕਿ ਕੁਝ ਮਾਮੂਲੀ ਮਾਮਲਿਆਂ ਸਮੇਤ ਇਹ ਗਿਣਤੀ 12,000 ਤੋਂ ਵੱਧ ਹੈ। ਸੰਸਥਾ ਦੇ ਕਾਰਜਕਾਰੀ ਡਾਇਰੈਕਟਰ ਸਈਅਦ ਕੌਂਸਰ ਅੱਬਾਸ ਅਨੁਸਾਰ ਪੂਰੇ ਪੰਜਾਬ ’ਚ ਪੁਲਸ ਵੱਲੋਂ ਦਰਜਨਾਂ ਕੇਸ ਦਰਜ ਹੋਣ ਦੇ ਬਾਵਜੂਦ ਪੁਲਸ ਵੱਲੋਂ ਔਰਤਾਂ ’ਤੇ ਹੋ ਰਹੇ ਜ਼ੁਲਮਾਂ ਨੂੰ ਰੋਕਣ ਲਈ ਇਕ ਵੀ ਕਦਮ ਨਹੀਂ ਚੁੱਕਿਆ ਗਿਆ। 1 ਜਨਵਰੀ ਤੋਂ 30 ਅਪ੍ਰੈਲ 2023 ਤੱਕ ਔਰਤਾਂ ਵਿਰੁੱਧ ਹਿੰਸਾ ਦੇ ਕੁੱਲ 10,365 ਕੇਸ ਦਰਜ ਕੀਤੇ ਗਏ, ਜਦੋਂ ਕਿ 200 ਤੋਂ ਵੱਧ ਕੇਸਾਂ ਦੀ ਕਾਰਵਾਈ ਸਿਰਫ਼ ਰਿਪੋਰਟਾਂ ਲਿਖ ਕੇ ਕੀਤੀ ਗਈ। ਜਦਕਿ ਇਸ ਸਮੇਂ ਦੌਰਾਨ ਛੋਟੀਆਂ ਨਾਬਾਲਿਗ ਕੁੜੀਆਂ ਨਾਲ ਵਧੀਕੀਆਂ ਦੇ 1768 ਮਾਮਲੇ ਦਰਜ ਕੀਤੇ ਗਏ। ਕਾਰਜਕਾਰੀ ਨਿਰਦੇਸ਼ਕ ਅਨੁਸਾਰ ਸਾਡਾ ਮੰਨਣਾ ਹੈ ਕਿ ਇਹ ਅੰਕੜਾ ਬਹੁਤ ਜ਼ਿਆਦਾ ਹੈ, ਕਿਉਂਕਿ ਬਹੁਤੇ ਲੋਕ ਸ਼ਰਮ ਜਾਂ ਅਦਾਲਤ ਦੀ ਪ੍ਰੇਸ਼ਾਨੀ ਤੋਂ ਬਚਣ ਲਈ ਪੁਲਸ ਕੋਲ ਕੇਸ ਦਰਜ ਨਹੀਂ ਕਰਵਾਉਂਦੇ। ਉਨ੍ਹਾਂ ਕਿਹਾ ਕਿ ਇਨ੍ਹਾਂ ਚਾਰ ਮਹੀਨਿਆਂ ’ਚ ਪੰਜਾਬ ਵਿਚ 5551 ਔਰਤਾਂ ਨੂੰ ਅਗਵਾ ਕੀਤਾ ਗਿਆ ਅਤੇ ਇਸ ਹਿਸਾਬ ਨਾਲ ਪੰਜਾਬ ’ਚ ਹਰ ਘੰਟੇ 2 ਔਰਤਾਂ ਨੂੰ ਅਗਵਾ ਕੀਤਾ ਗਿਆ। ਸਭ ਤੋਂ ਵੱਧ ਕੇਸ ਲਾਹੌਰ ’ਚ ਦਰਜ ਹੋਏ ਹਨ, ਜੋ ਕਿ 1427 ਹਨ। ਜਦਕਿ 300 ਤੋਂ ਵੱਧ ਔਰਤਾਂ ਨੂੰ ਅਗਵਾ ਕਰਨ ਦੇ ਮਾਮਲੇ ਲਾਹੌਰ ਸ਼ਹਿਰ ਦੇ ਹਨ।
ਇਸੇ ਤਰ੍ਹਾਂ ਜਬਰ-ਜ਼ਨਾਹ ਦੇ 1111 ਅਤੇ ਮਨੁੱਖੀ ਤਸਕਰੀ ਦੇ 613 ਮਾਮਲੇ ਸਾਹਮਣੇ ਆਏ ਹਨ। ਇਸ ਵਿਚ ਵੀ ਲਾਹੌਰ ਸ਼ਹਿਰ ਕ੍ਰਮਵਾਰ 139 ਅਤੇ 210 ਦੇ ਅੰਕੜਿਆਂ ਅਨੁਸਾਰ ਪਹਿਲੇ ਨੰਬਰ ’ਤੇ ਹੈ। ਫੈਸਲਾਬਾਦ ’ਚ ਜਬਰ-ਜ਼ਨਾਹ ਦੇ 225 ਮਾਮਲੇ ਦਰਜ ਕੀਤੇ ਗਏ। ਨਾਬਾਲਿਗ ਬੱਚਿਆਂ ਦੇ ਸਰੀਰਕ ਸ਼ੋਸਣ ਦੇ 858 ਮਾਮਲੇ ਸਾਹਮਣੇ ਆਏ, ਜਿਸ ਤੋਂ ਸਾਫ਼ ਹੈ ਕਿ ਇਕ ਦਿਨ ’ਚ ਕਰੀਬ 7 ਬੱਚਿਆਂ ਦਾ ਸਰੀਰਕ ਸ਼ੋਸਣ ਕੀਤਾ ਗਿਆ। ਇਸ ਸਮੇਂ ਦੌਰਾਨ ਪੰਜਾਬ ’ਚ 613 ਬੱਚੇ ਅਗਵਾ ਹੋਏ ਅਤੇ ਇਨ੍ਹਾਂ ’ਚੋਂ ਸਿਰਫ਼ 210 ਹੀ ਲਾਹੌਰ ਦੇ ਹਨ। ਇਸ ਤੋਂ ਇਲਾਵਾ 48 ਬੱਚਿਆਂ ਦੀ ਹੱਤਿਆ ਕਰ ਦਿੱਤੀ ਗਈ।