- Updated: May 20, 2026 08:46 PM
ਥਾਣਾ ਅਮੀਰ ਖ਼ਾਸ ਦੇ ਅਧੀਨ ਪੈਂਦੇ ਪਿੰਡ ਘਾਂਗਾ ਕਲਾ 'ਚ ਬੀਤੀ 18 ਮਈ ਦੀ ਦੁਪਹਿਰ ਨੂੰ ਲਗਭਗ ਢਾਈ ਵਜੇ ਦੇ ਕਰੀਬ ਪੰਚਾਇਤੀ ਜ਼ਮੀਨ ਦੀ ਬੋਲੀ ਦੌਰਾਨ ਉਸ ਵੇਲੇ ਹੜਕੰਪ ਮੱਚ ਗਿਆ ਜਦੋਂ ਦੋ ਧਿਰਾਂ ਵਿਚਾਲੇ ਚੱਲ ਰਿਹਾ ਵਿਵਾਦ ਖ਼ੂਨੀ ਟਕਰਾਅ ਵਿੱਚ ਤਬਦੀਲ ਹੋ ਗਿਆ। ਹਾਲਾਂਕਿ ਇਸ ਦੌਰਾਨ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪਰ ਪਿੰਡ ਵਿੱਚ ਦਹਿਸ਼ਤ ਅਤੇ ਤਣਾਅ ਦਾ ਮਾਹੌਲ ਬਣ ਗਿਆ।
ਜਾਣਕਾਰੀ ਅਨੁਸਾਰ ਬੀਤੀ 18 ਮਈ ਨੂੰ ਪਿੰਡ ਘਾਂਗਾ ਕਲਾ 'ਚ ਪੰਚਾਇਤੀ ਜ਼ਮੀਨ ਦੀ ਬੋਲੀ ਚੱਲ ਰਹੀ ਸੀ। ਇਸੇ ਦੌਰਾਨ ਦੋ ਧਿਰਾਂ ਵਿਚਾਲੇ ਤਕਰਾਰ ਹੋ ਗਈ ਜੋ ਕੁੱਝ ਹੀ ਸਮੇਂ ਵਿੱਚ ਹਿੰਸਕ ਝੜਪ ਵਿੱਚ ਬਦਲ ਗਈ। ਮੌਕੇ 'ਤੇ ਹਥਿਆਰਾਂ ਨਾਲ ਗੋਲੀਆਂ ਚੱਲਣ ਕਾਰਨ ਲੋਕਾਂ ਵਿੱਚ ਭਗਦੜ ਵਰਗੇ ਹਾਲਾਤ ਪੈਦਾ ਹੋ ਗਏ ਅਤੇ ਪਿੰਡ ਵਿੱਚ ਸਹਿਮ ਦਾ ਮਾਹੌਲ ਬਣ ਗਿਆ। ਇਸ ਘਟਨਾ ਤੋਂ ਬਾਅਦ ਥਾਣਾ ਅਮੀਰ ਖ਼ਾਸ ਦੀ ਪੁਲਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਗਈ। ਪੁਲਸ ਨੂੰ ਦਿੱਤੇ ਬਿਆਨਾਂ ਅਤੇ ਡਾਕਟਰੀ ਰਿਪੋਰਟ ਦੇ ਆਧਾਰ 'ਤੇ ਸੁਖਵਿੰਦਰ ਸਿੰਘ ਪੁੱਤਰ ਮੁਖ਼ਤਿਆਰ ਸਿੰਘ ਵਾਸੀ ਘਾਂਗਾ ਕਲਾ ਦੇ ਬਿਆਨ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਗਈ।
ਪੁਲਸ ਵੱਲੋਂ ਗੁਰਭਗਵਾਨ ਸਿੰਘ ਪੁੱਤਰ ਸਾਰਜ ਸਿੰਘ, ਸਾਰਜ ਸਿੰਘ ਪੁੱਤਰ ਸੰਤੋਖ ਸਿੰਘ, ਗੁਰਦੇਵ ਸਿੰਘ ਪੁੱਤਰ ਸੁਖਵਿੰਦਰ ਸਿੰਘ, ਗੁਰਵਿੰਦਰ ਸਿੰਘ ਪੁੱਤਰ ਮੋਹਨ ਸਿੰਘ, ਲਵਪ੍ਰੀਤ ਸਿੰਘ ਪੁੱਤਰ ਪਿਆਰਾ ਸਿੰਘ, ਰਣਜੀਤ ਸਿੰਘ ਪੁੱਤਰ ਕਰਤਾਰ ਸਿੰਘ, ਸੁਖਵਿੰਦਰ ਸਿੰਘ ਪੁੱਤਰ ਸੰਤੋਖ ਸਿੰਘ, ਲਵਪ੍ਰੀਤ ਸਿੰਘ ਪੁੱਤਰ ਆਤਮਾ ਸਿੰਘ, ਦਵਿੰਦਰ ਸਿੰਘ ਪੁੱਤਰ ਮੰਗਤ ਸਿੰਘ, ਸੰਤੋਖ ਸਿੰਘ ਪੁੱਤਰ ਟਹਿਲ ਸਿੰਘ, ਨਿਰਵੈਰ ਸਿੰਘ ਪੁੱਤਰ ਕਾਰਜ ਸਿੰਘ, ਸ਼ੇਰਾ ਸਿੰਘ ਪੁੱਤਰ ਮੋੜਾ ਸਿੰਘ, ਕਾਰਜ ਸਿੰਘ ਪੁੱਤਰ ਸੰਤੋਖ ਸਿੰਘ ਵਾਸੀਆਨ ਪਿੰਡ ਘਾਂਗਾ ਕਲਾਂ ਸਮੇਤ 13 ਵਿਅਕਤੀਆਂ ਖ਼ਿਲਾਫ਼ ਜਾਨੋਂ ਮਾਰਨ ਦੀ ਨੀਅਤ ਨਾਲ ਫਾਇਰਿੰਗ ਕਰਨ, ਹਮਲਾ ਕਰਨ ਅਤੇ ਆਰਮ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉੱਧਰ ਪੁਲਸ ਵੱਲੋਂ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ। ਇਸ ਘਟਨਾ ਤੋਂ ਬਾਅਦ ਪਿੰਡ ਘਾਗਾ ਕਲਾ ਵਿੱਚ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ ਅਤੇ ਲੋਕਾਂ ਵਿੱਚ ਡਰ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ।