- Updated: December 06, 2023 03:29 PM
ਅਮਰੀਕਾ ਨੇ ਭਾਰਤ 'ਤੇ ਪੰਨੂ ਨੂੰ ਮਾਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਹੈ। ਉਧਰ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਇੱਕ ਵਾਰ ਫਿਰ ਭਾਰਤ ਨੂੰ ਧਮਕੀ ਦਿੱਤੀ ਹੈ। ਪੰਨੂ ਨੇ ਇੱਕ ਹੋਰ ਵੀਡੀੳ ਜਾਰੀ ਕਰਕੇ ਭਾਰਤ 'ਤੇ ਹਮਲੇ ਦੀ ਧਮਕੀ ਦਿੱਤੀ ਹੈ। ਪੰਨੂ ਨੇ ਵੀਡੀਓ ਵਿੱਚ ਕਿਹਾ ਹੈ ਕਿ ਮੈਨੂੰ ਮਾਰਨ ਦੀ ਸਾਜ਼ਿਸ਼ ਨਾਕਾਮ ਹੋ ਗਈ। ਮੈਂ 13 ਦਸੰਬਰ ਨੂੰ ਸੰਸਦ ਭਵਨ 'ਤੇ ਹਮਲਾ ਕਰਕੇ ਇਸ ਦਾ ਜਵਾਬ ਦੇਵਾਂਗਾ। ਜ਼ਿਕਰਯੋਗ ਹੈ ਕਿ 13 ਦਸੰਬਰ 2001 ਨੂੰ ਸੰਸਦ ਭਵਨ 'ਤੇ ਅੱਤਵਾਦੀ ਹਮਲਾ ਹੋਇਆ ਸੀ।
ਪੰਨੂ ਨੇ ਵੀਡੀਓ 'ਚ ਕਿਹਾ ਹੈ ਕਿ ਭਾਰਤੀ ਏਜੰਸੀਆਂ ਨੇ ਉਸ ਨੂੰ ਮਾਰਨ ਦੀ ਯੋਜਨਾ ਬਣਾਈ ਸੀ, ਜੋ ਅਸਫਲ ਰਹੀ। ਹੁਣ ਹਮਲੇ ਦੀ ਯੋਜਨਾ ਦੇ ਜਵਾਬ ਵਿਚ ਉਹ 13 ਦਸੰਬਰ ਨੂੰ ਸੰਸਦ 'ਤੇ ਹਮਲਾ ਕਰੇਗਾ। ਵੀਡੀਓ 'ਚ ਪੰਨੂ ਨੇ ਸੰਸਦ ਭਵਨ ਹਮਲੇ ਦੇ ਦੋਸ਼ੀ ਅਫਜ਼ਲ ਗੁਰੂ ਦਾ ਪੋਸਟਰ ਵੀ ਜਾਰੀ ਕੀਤਾ, ਜਿਸ 'ਤੇ ਲਿਖਿਆ ਸੀ 'ਦਿੱਲੀ ਬਣੇਗੀ ਪਾਕਿਸਤਾਨ'।

ਪੰਨੂ ਦੀ ਨਵੀਂ ਵੀਡੀੳ ਦੇਖਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਕਿਹਾ ਹੈ ਕਿ ਪੰਨੂ ਦੀ ਵੀਡੀਓ ਦੀ ਸਮੱਗਰੀ ਨੂੰ ਸੁਣਨ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਹੈ ਕਿ ਪੰਨੂ ਨੂੰ ਇਹ ਸਕ੍ਰਿਪਟ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਦੇ ਕੇ-2 ਡੈਸਕ ਨੇ ਦਿੱਤੀ ਸੀ। ਵੀਡੀਓ 'ਚ ਇਕ ਪਾਸੇ ਪੰਨੂ ਖਾਲਿਸਤਾਨ ਦਾ ਏਜੰਡਾ ਚਲਾ ਰਿਹਾ ਹੈ, ਦੂਜੇ ਪਾਸੇ ਅਫਜ਼ਲ ਗੁਰੂ ਦਾ ਨਾਂ ਲੈ ਕੇ ਕਸ਼ਮੀਰੀ ਅੱਤਵਾਦੀਆਂ ਅਤੇ ਪਾਕਿਸਤਾਨ ਦੇ ਕਸ਼ਮੀਰ ਏਜੰਡੇ ਦਾ ਸਮਰਥਨ ਵੀ ਕਰ ਰਿਹਾ ਹੈ। ਪੰਨੂ ਦੀ ਇਸ ਵੀਡੀਓ ਤੋਂ ਬਾਅਦ ਸੁਰੱਖਿਆ ਏਜੰਸੀਆਂ ਹਾਈ ਅਲਰਟ 'ਤੇ ਹਨ।