ਸੰਤ ਸੀਚੇਵਾਲ ਨੂੰ ਦੁਬਈ ਦੀ ਜੇਲ੍ਹ ’ਚ ਫਸੇ 17 ਨੌਜਵਾਨਾਂ ਦੇ ਮਾਪੇ ਮਦਦ ਲਈ ਮਿਲੇ

ਸੰਤ ਸੀਚੇਵਾਲ ਨੂੰ ਦੁਬਈ ਦੀ ਜੇਲ੍ਹ ’ਚ ਫਸੇ 17 ਨੌਜਵਾਨਾਂ ਦੇ ਮਾਪੇ ਮਦਦ ਲਈ ਮਿਲੇ

ਦੁਬਈ ਦੀ ਜੇਲ੍ਹ ਚ ਪਿਛਲੇ ਡੇਢ ਸਾਲ ਤੋਂ ਫਸੇ ਪੰਜਾਬ ਦੇ 17 ਨੌਜਵਾਨਾਂ ਦੇ ਪਰਿਵਾਰਾਂ ਨੇ ਵਿਦੇਸ਼ ਮੰਤਰਾਲੇ ਅਤੇ ਮੈਂਬਰ ਪਾਰਲੀਮੈਂਟ ਸੰਤ ਬਲਬੀਰ ਸਿੰਘ ਸੀਚੇਵਾਲ ਕੋਲ ਪਹੁੰਚ ਕਰਕੇ ਇਹਨਾਂ ਨੌਜਵਾਨਾਂ ਨੂੰ ਵਾਪਿਸ ਲਿਆਉਣ ਦੀ ਗੁਹਾਰ ਲਗਾਈ। ਨਿਰਮਲ ਕੁਟੀਆ ਸੁਲਤਨਾਪੁਰ ਲੋਧੀ ਪਹੁੰਚੇ 12 ਦੇ ਕਰੀਬ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਪਿਛਲੇ ਡੇਢ ਸਾਲ ਤੋਂ ਪਲ- ਪਲ ਮਰ ਰਹੇ ਹਨ। ਕਿਉਂਕਿ ਉਹਨਾਂ ਨੂੰ ਆਪਣੇ ਬੱਚਿਆਂ ਦੇ ਕੇਸ ਬਾਰੇ ਕੋਈ ਵੀ ਸਹੀ ਜਾਣਕਾਰੀ ਨਹੀਂ ਮਿਲ ਰਹੀ ਤਰੀਕ ਦਰ ਤਰੀਕ ਪੈਣ ਕਾਰਣ ਜੇਲ੍ਹ ਵਿਚ ਬੰਦ ਨੌਜਵਾਨ ਮਾਨਸਿਕ ਪੀੜਾ ਝੱਲ ਰਹੇ ਹਨ। ਪੀੜਤ ਪਰਿਵਾਰਾਂ ਨੂੰ ਮੈਂਬਰ ਪਾਰਲੀਮੈਂਟ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਭਰੋਸਾ ਦਿੱਤਾ ਕਿ ਉਹ ਇਹਨਾਂ ਨੌਜਵਾਨਾਂ ਦਾ ਮਸਲਾ ਵਿਦੇਸ਼ ਮੰਤਰਾਲੇ ਕੋਲ ਉਠਾਉਣਗੇ ਅਤੇ ਉਹਨਾਂ ਦੀ ਹਰ ਸੰਭਵ ਮਦਦ ਕਰਨਗੇ। 

ਜ਼ਿਕਰਯੋਗ ਹੈ ਕਿ ਇਹਨਾਂ ਨੌਜਵਾਨਾਂ ਵਿਚ ਜਲੰਧਰ ਜ਼ਿਲ੍ਹੇ ਦੇ 6, ਕਪੂਰਥਲਾ, ਨਵਾਂ ਸ਼ਹਿਰ ਅਤੇ ਹੁਸ਼ਿਆਰਪੁਰ ਦੇ 3-3 ਨੌਜਵਾਨ ਜਦਕਿ ਗੁਰਦਾਸਪੁਰ, ਅੰਮ੍ਰਿਤਸਰ ਤੇ ਚੰਡੀਗੜ੍ਹ ਦੇ 1-1 ਨੌਜਵਾਨ ਸ਼ਾਮਿਲ ਹਨ। ਦੁਬਈ ਵਿਚ ਫਸੇ ਗੌਰਵ ਕੁਮਾਰ ਦੇ ਭਰਾ ਰਵੀਕਾਂਤ ਨੇ ਦੱਸਿਆ ਕਿ ਰੋਜ਼ੀ ਰੋਟੀ ਕਮਾਉਣ ਦੀ ਖਾਤਰ ਗਏ ਗੌਰਵ ਨੂੰ ਇਸ ਗੱਲ ਦਾ ਨਹੀਂ ਸੀ ਪਤਾ ਕਿ ਉੱਥੇ ਹੋਏ ਇੱਕ ਝਗੜੇ ਵਿਚ ਉਹ ਇਸ ਤਰ੍ਹਾਂ ਫਸ ਜਾਣਗੇ। ਰਵੀਕਾਂਤ ਨੇ ਦੱਸਿਆ ਕਿ ਉਸਦਾ ਭਰਾ ਬਾਕੀ ਹੋਰ ਨੌਜਵਾਨਾਂ ਨਾਲ ਇੱਕਠੇ ਇੱਕ ਕਮਰੇ ਵਿੱਚ ਰਹਿੰਦੇ ਸੀ ਜਿੱਥੋਂ ਉੱਥੋਂ ਦੀ ਪੁਲਿਸ ਨੇ ਉਹਨਾਂ ਨੂੰ ਰਾਤ ਸਮੇਂ ਸੁੱਤਿਆ ਪਿਆ ਹੀ ਫੜ੍ਹ ਲਿਆ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਸਮਰੱਥਾ ਨਹੀਂ ਕਿ ਉਹ ਦੁਬਈ ਵਕੀਲ ਕਰਕੇ ਕੇਸ ਦੀ ਪੈਰਵਾਈ ਕਰ ਸਕਣਗੇ। 

ਇਹਨਾਂ ਨੌਜਵਾਨਾਂ ’ਚ ਫਸੇ ਪਰਜੀਆਂ ਕਲਾਂ ਦੇ ਹਰਪ੍ਰੀਤ ਸਿੰਘ ਦੀ ਭੈਣ ਨੇ ਦੱਸਿਆ ਕਿ ਉਨ੍ਹਾਂ ਨੂੰ ਡੇਢ ਮਹੀਨੇ ਪਹਿਲਾਂ ਦੁਬਈ ਦੇ ਨੰਬਰ ਤੋਂ ਫੋਨ ਆਇਆ ਸੀ ਕਿ ਉਹ ਉਸਦੇ ਭਰਾ ਨੂੰ ਛੁਡਵਾ ਦੇਣਗੇ, ਉਸਦੇ ਬਦਲੇ ਉਹਨਾਂ ਨੂੰ 1 ਲੱਖ ਰੁਪਏ ਦੇ ਦਿਉ। ਜਦੋਂ ਹਰਪ੍ਰੀਤ ਦੀ ਭੈਣ ਨੇ ਕਿਹਾ ਕਿ ਉਹਨਾਂ ਕੋਲ ਇੰਨੇ ਪੈਸੇ ਨਹੀਂ ਹਨ ਤਾਂ ਫੋਨ ਕਰਨ ਵਾਲ਼ਿਆਂ ਨੇ ਕਿਹਾ ਕਿ 50 ਹਜ਼ਾਰ ਰੁਪਏ ਦੇ ਦਿਉ ਤਦ ਵੀ ਅਸੀਂ ਤੁਹਾਡੇ ਲੜਕੇ ਨੂੰ ਛੁਡਵਾ ਦਿਆਂਗੇ। 

ਦੀਪਕ ਦੇ ਪਿਤਾ ਰਾਮ ਲੁਭਾਇਆ ਨੇ ਦੱਸਿਆ ਕਿ ਇੱਕ ਤਾਂ ਉਹ ਆਪਣੇ ਪੁੱਤਰ ਦੇ ਫਸ ਜਾਣ ਕਾਰਨ ਮੁਸੀਬਤ ਵਿਚ ਹਨ ਤੇ ਦੂਜਾ ਉਨ੍ਹਾਂ ਨੂੰ ਅਜਿਹੀਆਂ ਫੇਕ ਕਾਲਾਂ ਆ ਰਹੀਆਂ ਹਨ। ਜਿਸ ’ਚ ਫੋਨ ਕਰਨ ਵਾਲਾ ਦਾਅਵਾ ਕਰ ਰਹੇ ਹਨ ਕਿ ਤੁਸੀਂ ਪੈਸੇ ਦਿਓ ਅਸੀਂ ਤਹਾਨੂੰ ਲੜਕੇ ਨੂੰ ਛਡਵਾ ਦਿਆਂਗੇ। ਉਨ੍ਹਾਂ ਕਿਹਾ ਕਿ ਮੁਸੀਬਤ ਵਿੱਚ ਫਸੇ ਪਰਿਵਾਰਾਂ ਵਿਚੋਂ ਵੀ ਕਈ ਲੋਕ ਆਪਣਾ ਮੁਨਾਫ਼ਾ ਭਾਲ ਰਹੇ ਹਨ। ਇਸ ਤਰ੍ਹਾਂ ਫਗਵਾੜੇ ਤੋਂ ਆਏ ਹਰਮੇਸ਼ ਲਾਲ ਨੇ ਦੱਸਿਆ ਕਿ ਉਹਨਾਂ ਦਾ ਪੁੱਤਰ ਹਰਦੀਪ ਕੁਮਾਰ ਦੁਬਈ ਵਿਚ ਟੂਰਿਜ਼ਟ ਵੀਜ਼ੇ ’ਤੇ ਗਿਆ ਸੀ। ਉੱਥੇ ਉਹ ਆਪਣੇ ਦੋਸਤ ਨੂੰ ਮਿਲਣ ਗਿਆ ਸੀ, ਜਿੱਥੇ ਪੁਲਿਸ ਦੇ ਪਏ ਉਸੇ ਰਾਤ ਛਾਪੇ ਵਿਚ ਹਰਦੀਪ ਕੁਮਾਰ ਵੀ ਫੜਿਆ ਗਿਆ।